ਜਿੰਚਿਓਨ, 21 ਮਈ
ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਮੈਚਾਂ ਦੀ ਦੁਵੱਲੀ ਲੜੀ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਦਿੱਤਾ। ਮੁਟਿਆਰ ਸਟਰਾਈਕਰ ਲਾਲਰੇਮਸਿਆਮੀ ਨੇ 20ਵੇਂ ਅਤੇ ਨਵਨੀਤ ਕੌਰ ਨੇ 40ਵੇਂ ਮਿੰਟ ਵਿੱਚ ਗੋਲ ਦਾਗ਼ੇ। ਦੱਖਣੀ ਕੋਰੀਆ ਲਈ ਸ਼ਿਨ ਹੇਜਿਓਂਗ ਨੇ 48ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਸਪੇਨ ਅਤੇ ਮਲੇਸ਼ੀਆ ਖ਼ਿਲਾਫ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੀ ਸ਼ੁਰੂਆਤ ਮਜ਼ਬੂਤ ਰਹੀ। ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਖੁੰਝਣ ਮਗਰੋਂ ਭਾਰਤ ਨੇ 20ਵੇਂ ਮਿੰਟ ਵਿੱਚ ਮੈਦਾਨੀ ਗੋਲ ਨਾਲ ਲੀਡ ਬਣਾਈ। ਭਾਰਤ ਦੀ ਲੀਡ ਨਵਨੀਤ ਕੌਰ ਨੇ 40ਵੇਂ ਮਿੰਟ ਵਿੱਚ ਦੁੱਗਣੀ ਕੀਤੀ। ਦੱਖਣੀ ਕੋਰੀਆ ਨੂੰ ਮੈਚ ਵਿੱਚ ਪੰਜ ਪੈਨਲਟੀ ਕਾਰਨਰ ਮਿਲੇ ਅਤੇ ਆਖ਼ਰੀ ਕੁਆਰਟਰ ਵਿੱਚ ਪੈਨਲਟੀ ਸਟਰੋਕ ਮਿਲਿਆ, ਜਿਨ੍ਹਾਂ ਵਿੱਚ 48ਵੇਂ ਮਿੰਟ ਵਿੱਚ ਇੱਕ ਹੀ ਗੋਲ ਹੋ ਸਕਿਆ, ਜੋ ਸ਼ਿਨ ਹੇਜਿਓਂਗ ਨੇ ਕੀਤਾ। ਭਾਰਤੀ ਗੋਲਕੀਪਰ ਸਵਿਤਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਭਾਰਤ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਸਯੋਰਡ ਮਾਰਿਨ ਨੇ ਕਿਹਾ, ‘‘ਇਹ ਸਾਡਾ ਪਹਿਲਾ ਮੈਚ ਸੀ, ਜਿਸ ਦਾ ਨਤੀਜਾ ਚੰਗਾ ਰਿਹਾ। ਪ੍ਰਦਰਸ਼ਨ ਹੋਰ ਬਿਹਤਰ ਹੋ ਸਕਦਾ ਹੈ। ਅਸੀਂ ਕੁੱਝ ਨਵੇਂ ਤਜਰਬੇ ਕੀਤੇ, ਜਿਸ ਵਿੱਚ ਟੀਮ ਖਰੀ ਉਤਰੀ।’’ ਭਾਰਤ ਨੇ ਹੁਣ ਆਪਣਾ ਦੂਜਾ ਮੈਚ ਬੁੱਧਵਾਰ ਨੂੰ ਖੇਡਣਾ ਹੈ।