ਨਵੀਂ ਦਿੱਲੀ, ਹਾਕੀ ਇੰਡੀਆ ਨੇ ਬੰਗਲੌਰ ਦੇ ਸਾਈ ਕੇਂਦਰ ਵਿੱਚ ਲੱਗਣ ਵਾਲੇ ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚਿੰਗ ਕੈਂਪ ਲਈ ਅੱਜ 33 ਸੰਭਾਵੀ ਖਿਡਾਰਨਾਂ ਦੇ ਨਾਮ ਦਾ ਐਲਾਨ ਕੀਤਾ ਹੈ। ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਕੈਂਪ ਲਈ ਖਿਡਾਰਨਾਂ ਨੂੰ ਕੋਚ ਸਯੋਰਡ ਮਾਰਿਨ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਕੈਂਪ 22 ਅਗਸਤ ਤੱਕ ਚੱਲੇਗਾ।
ਇਸ ਕੈਂਪ ਮਗਰੋਂ ਦੁਨੀਆਂ ਦੀ ਦਸਵੇਂ ਨੰਬਰ ਦੀ ਭਾਰਤੀ ਮਹਿਲਾ ਟੀਮ ਪੰਜ ਮੈਚਾਂ ਦੀ ਦੁਵੱਲੀ ਲੜੀ ਲਈ ਇੰਗਲੈਂਡ ਦਾ ਦੌਰਾ ਕਰੇਗੀ। ਮਾਰਿਨ ਨੇ ਕਿਹਾ, ‘‘ਟੋਕੀਓ ਵਿੱਚ ਹੋਏ ਓਲੰਪਿਕ ਟੈਸਟ ਟੂਰਨਾਮੈਂਟ ਵਿੱਚ ਤਜਰਬਾ ਚੰਗਾ ਰਿਹਾ ਸੀ। ਹੁਣ ਅਸੀਂ ਓਲੰਪਿਕ ਕੁਆਲੀਫਾਇਰ ’ਤੇ ਧਿਆਨ ਕੇਂਦਰਤ ਕਰਾਂਗੇ। ਅਸੀਂ ਇਸ ਕੈਂਪ ਦੀ ਵਰਤੋਂ ਆਪਣੀ ਲੈਅ ਨੂੰ ਬਰਕਰਾਰ ਰੱਖਣ ਲਈ ਕਰਾਂਗੇ। ਸਾਡੀ ਕੋਸ਼ਿਸ਼ ਹੋਵੇਗੀ ਕਿ ਕੁਆਲੀਫਾਇਰਜ਼ ਤੋਂ ਪਹਿਲਾਂ ਆਪਣੇ ਖੇਡ ਦੇ ਪੱਧਰ ਨੂੰ ਕਾਇਮ ਰੱਖੀਏ।’’
ਉਸ ਨੇ ਕਿਹਾ, ‘‘ਅਸੀਂ ਇੰਗਲੈਂਡ ਦੇ ਦੌਰੇ ’ਤੇ ਵੀ ਜਾਣਾ ਹੈ। ਇਸ ਨਾਲ ਸਾਨੂੰ ਮਦਦ ਮਿਲੇਗੀ ਕਿਉਂਕਿ ਮਜ਼ਬੂਤ ਟੀਮ ਖ਼ਿਲਾਫ਼ ਖੇਡਣ ਕਾਰਨ ਲੈਅ ਕਾਇਮ ਰਹਿੰਦੀ ਹੈ ਅਤੇ ਸੁਧਾਰ ਕਰਨ ਦਾ ਮੌਕਾ ਵੀ ਮਿਲਦਾ ਹੈ।’’
ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਐਲਾਨ ਕੀਤਾ ਸੀ ਕਿ ਭਾਰਤੀ ਮਹਿਲਾ ਟੀਮ ਐੱਫਆਈਐੱਚ ਓਲੰਪਿਕ ਕੁਆਲੀਫਾਇਰਜ਼ ਦੇ ਮੁਕਾਬਲਿਆਂ ਨੂੰ ਘਰੇਲੂ ਮੈਦਾਨ ’ਤੇ ਖੇਡੇਗੀ, ਜਿਸ ਸਬੰਧੀ ਮਾਰਿਨ ਨੇ ਕਿਹਾ ਕਿ ਇਸ ਨਾਲ ਟੀਮ ਦਾ ਹੌਸਲਾ ਵਧੇਗਾ। ਉਨ੍ਹਾਂ ਕਿਹਾ, ‘‘ਸਾਡੀ ਟੀਮ ਦੀਆਂ ਕਈ ਖਿਡਾਰਨਾਂ ਲਈ ਇਹ ਪਹਿਲੀ ਵਾਰ ਹੋਵੇਗਾ, ਜਦੋਂ ਉਹ ਘਰੇਲੂ ਮੈਦਾਨ ’ਤੇ ਖੇਡਣਗੀਆਂ, ਇਸ ਨੂੰ ਲੈ ਕੇ ਅਸੀਂ ਕਾਫ਼ੀ ਉਤਸ਼ਾਹਿਤ ਹਾਂ। ਸਾਡੇ ਲਈ ਹਾਲਾਤ ਬਾਰੇ ਸੋਚੇ ਬਿਨਾਂ ਖੇਡ ’ਤੇ ਧਿਆਨ ਕੇਂਦਰਤ ਰੱਖਣਾ ਜ਼ਰੂਰੀ ਹੈ।’’ -ਪੀਟੀਆਈ
ਸੰਭਾਵੀ ਖਿਡਾਰਨਾਂ ਦੀ ਸੂਚੀ
ਗੋਲਕੀਪਰ: ਸਵਿਤਾ, ਰਜਨੀ ਇਤੀਮਾਰਪੂ, ਬਿਚੂ ਦੇਵੀ ਖਾਰੀਬਮ; ਡਿਫੈਂਡਰ: ਦੀਪ ਗਰੇਸ ਏਕਾ, ਰੀਨਾ ਖੋਖਰ, ਸੁਮਨ ਦੇਵੀ ਥੌਡਮ, ਸੁਨੀਤਾ ਲਾਕੜਾ, ਸਲੀਮਾ ਟੇਟੇ, ਮਨਪ੍ਰੀਤ ਕੌਰ, ਗੁਰਜੀਤ ਕੌਰ, ਰਸ਼ਮਿਤਾ ਮਿੰਜ਼, ਮਹਿਮਾ ਚੌਧਰੀ, ਨਿਸ਼ਾ; ਮਿਡਫੀਲਡਰ: ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ਼, ਸੁਸ਼ੀਲਾ ਚਾਨੂ ਪੁਖਰੰਬਮ, ਚੇਤਨਾ, ਰੀਤ, ਕ੍ਰਿਸ਼ਮਾ ਯਾਦਵ, ਸੋਨਿਕਾ, ਨਮਿਤਾ ਟੋਪੋ; ਫਾਰਵਰਡ: ਰਾਣੀ ਰਾਮਪਾਲ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਜੋਤੀ, ਸ਼ਰਮੀਲਾ ਦੇਵੀ, ਪ੍ਰਿਯੰਕਾ ਵਾਨਖੇੜੇ, ਉਦਿਤਾ।