ਮਰਸੀਆ (ਸਪੇਨ), 4 ਫਰਵਰੀ
ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਕੱਪ ਦੀ ਚਾਂਦੀ ਦਾ ਤਗ਼ਮਾ ਜੇਤੂ ਆਇਰਲੈਂਡ ਨੂੰ ਦੂਜੇ ਅਤੇ ਆਖ਼ਰੀ ਦੋਸਤਾਨਾ ਮੈਚ ਵਿੱਚ 3-0 ਨਾਲ ਹਰਾ ਕੇ ਹੈਰਾਨ ਕਰ ਦਿੱਤਾ। ਭਾਰਤੀ ਟੀਮ ਨੇ ਆਪਣਾ ਸਪੇਨ ਦੌਰਾ ਜਿੱਤ ਨਾਲ ਖ਼ਤਮ ਕੀਤਾ। ਭਾਰਤੀ ਟੀਮ ਨੇ ਕੱਲ੍ਹ ਆਇਰਲੈਂਡ ਖ਼ਿਲਾਫ਼ ਪਹਿਲਾ ਮੈਚ 1-1 ਨਾਲ ਡਰਾਅ ਖੇਡਿਆ ਸੀ।
ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਹਾਕੀ ਖੇਡੀ ਅਤੇ ਆਇਰਲੈਂਡ ਦੀਆਂ ਖਿਡਾਰਨਾਂ ਦਬਾਅ ਵਿੱਚ ਦਿਸੀਆਂ। ਨਵਜੌਤ ਕੌਰ ਨੇ 13ਵੇਂ ਮਿੰਟ ਵਿੱਚ ਸ਼ਾਨਦਾਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਲੀਡ ਦਿਵਾਈ। ਦੂਜੇ ਕੁਆਰਟਰ ਵਿੱਚ ਆਇਰਲੈਂਡ ਨੂੰ ਪੈਨਲਟੀ ਮਿਲੀ, ਪਰ ਭਾਰਤੀ ਡਿਫੈਂਸ ਨੇ ਉਸ ਨੂੰ ਗੋਲ ਵਿੱਚ ਨਹੀਂ ਬਦਲਣ ਦਿੱਤਾ। ਮੈਚ ਦੇ 26ਵੇਂ ਮਿੰਟ ਵਿੱਚ ਅਨੁਭਵੀ ਦੀਪਾ ਗ੍ਰੇਸ ਏਕਾ ਦੀ ਮਦਦ ਨਾਲ ਰੀਨਾ ਖੋਖਰ ਨੇ ਗੋਲ ਕਰਕੇ ਹਾਫ਼ ਤੋਂ ਪਹਿਲਾਂ ਭਾਰਤ ਦੀ ਲੀਡ ਨੂੰ ਦੁੱਗਣਾ ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਵੀ ਭਾਰਤੀ ਖਿਡਾਰਨਾਂ ਨੇ ਅਨੁਸ਼ਾਸਨ ਵਿੱਚ ਰਹਿੰਦਿਆਂ ਪ੍ਰਦਰਸ਼ਨ ਕੀਤਾ, ਪਰ ਆਇਰਲੈਂਡ ਨੂੰ ਇੱਕ ਵਾਰ ਫਿਰ ਪੈਨਲਟੀ ਮਿਲੀ। ਭਾਰਤ ਨੇ ਇਸ ਵਾਰ ਵੀ ਆਇਰਲੈਂਡ ਟੀਮ ਦੇ ਗੋਲ ਦਾ ਜ਼ਬਰਦਸਤ ਬਚਾਅ ਕੀਤਾ। ਇਸ ਕੁਆਰਟਰ ਦੌਰਾਨ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਆਖ਼ਰੀ ਕੁਆਰਟਰ ਵਿੱਚ ਭਾਰਤ ਨੂੰ ਪੈਨਲਟੀ ਮਿਲੀ, ਜਿਸ ਨੂੰ ਗੁਰਜੀਤ ਕੌਰ ਨੇ ਗੋਲ ਵਿੱਚ ਬਦਲ ਕੇ ਟੀਮ ਨੂੰ 3-0 ਨਾਲ ਅੱਗੇ ਕਰ ਦਿੱਤਾ। ਗੁਰਜੀਤ ਭਾਰਤ ਦੇ ਇਸ ਦੌਰੇ ’ਤੇ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਹੈ।
ਇਸ ਜਿੱਤ ਮਗਰੋਂ ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਸਯੋਰਡ ਮਾਰਿਨ ਨੇ ਕਿਹਾ, ‘‘ਮੈਨੂੰ ਭਾਰਤੀ ਟੀਮ ’ਤੇ ਮਾਣ ਹੈ, ਜਿਸ ਨੇ ਪਿਛਲੇ ਨੌਂ ਦਿਨਾਂ ਵਿੱਚ ਛੇ ਮੈਚਾਂ ਦੌਰਾਨ ਮੁਸ਼ਕਲ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ। ਆਖ਼ਰੀ ਦੋ ਮੈਚ ਅਸੀਂ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੋਂ ਬਿਨਾਂ ਖੇਡੇ, ਜਿਸ ਦੇ ਮੋਢੇ ’ਤੇ ਸੱਟ ਲੱਗੀ ਹੈ।’’