ਨਵੀਂ ਦਿੱਲੀ:ਟੋਕੀਓ ਓਲੰਪਿਕ ਦੀ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਲਵਲੀਨਾ ਦੇ ਨਾਲ ਅੱਜ ਇੱਥੇ ਸਾਕਸ਼ੀ (54 ਕਿਲੋ) ਨੇ ਵੀ 5-0 ਦੀ ਜਿੱਤ ਦਰਜ ਕਰਦਿਆਂ ਆਖ਼ਰੀ ਅੱਠ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਲਵਲੀਨਾ ਨੇ ਅੱਜ ਜਿੱਥੇ ਮੈਕਸੀਕੋ ਦੀ ਵਨੇਸਾ ਓਰਟਿਜ਼, ਉੱਥੇ ਸਾਕਸ਼ੀ ਨੇ ਕਜ਼ਾਖਸਤਾਨ ਦੀ ਜ਼ਜ਼ੀਰਾ ਓਰਾਬਾਯੇਵਾ ਨੂੰ ਹਰਾਇਆ। ਹਾਲਾਂਕਿ ਭਾਰਤੀ ਮੁਹਿੰਦ ਨੂੰ ਪ੍ਰੀਤੀ ਦੀ ਹਾਰ ਨਾਲ ਝਟਕਾ ਲੱਗਿਆ। ਟੂਰਨਾਮੈਂਟ ਲਈ ਭਾਰਤੀ ਟੀਮ ਵਿੱਚ ਪ੍ਰੀਤੀ ਦੀ ਜਗ੍ਹਾ ਸਬੰਧੀ ਵਿਵਾਦ ਹੋ ਗਿਆ ਸੀ ਕਿਉਂਕਿ ਉਸ ਨੇ ਕੌਮੀ ਚੈਂਪੀਅਨਸ਼ਿਪ ਵਿੱਚ ਖਿਤਾਬ ਨਹੀਂ ਜਿੱਤਿਆ ਸੀ। ਪ੍ਰੀਤੀ ਨੇ 54 ਕਿਲੋ ਭਾਰ ਵਰਗ ਵਿੱਚ ਜਬਰਦਸਤ ਪ੍ਰਦਰਸ਼ਨ ਕੀਤਾ ਪਰ ਪਿਛਲੇ ਸਾਲ ਦੀ ਚਾਂਦੀ ਦਾ ਤਗ਼ਮਾ ਜੇਤੂ ਥਾਈਲੈਂਡ ਦੀ ਜਿਤਪੋਂਗ ਜੂਟਾਮਾਸ ਤੋਂ ਮੁਕਾਬਲੇ ’ਚ ਹਾਰ ਗਈ। ਥਾਈਲੈਂਡ ਦੀ ਖਿਡਾਰਨ ਨੇ ਪ੍ਰੀਤੀ ਨੂੰ 4-3 ਨਾਲ ਹਰਾਇਆ। ਇਹ ਮੁਕਾਬਲਾ ਇੰਨਾ ਕਰੀਬੀ ਸੀ ਕਿ ਆਖ਼ਰੀ ਨਤੀਜੇ ਲਈ ਰੀਵਿਊ ਦਾ ਸਹਾਰਾ ਲੈਣਾ ਪਿਆ।