ਗੁਏਲਫ, 21 ਜੂਨ : ਯੂਨੀਵਰਸਿਟੀ ਆਫ ਗੁਏਲਫ ਦੀਆਂ ਸਾਰੀਆਂ ਮਹਿਲਾ ਫੈਕਲਟੀ ਮੈਂਬਰਜ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਹੈ। ਆਪਣੇ ਪੁਰਸ਼ ਕੁਲੀਗਜ਼ ਦੇ ਮੁਕਾਬਲੇ ਘੱਟ ਤਨਖਾਹ ਲੈ ਰਹੀਆਂ ਇਨ੍ਹਾਂ ਮਹਿਲਾ ਮੈਂਬਰਾਂ ਦੀ ਤਨਖਾਹ ਦੇ ਮੁਲਾਂਕਣ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਵਧਾਈ ਗਈ ਹੈ।
ਓਨਟਾਰੀਓ ਯੂਨੀਵਰਸਿਟੀ ਦੀ ਮੁਲਾਜ਼ਮ ਸ਼ਾਰਲੈੱਟ ਯੇਟਜ਼ ਨੇ ਆਖਿਆ ਕਿ ਪਿਛਲੇ ਸਾਲ ਸੁ਼ਰੂ ਕੀਤੇ ਗਏ ਤਨਖਾਹ ਦੇ ਮੁਲਾਂਕਣ ਤੋਂ ਬਾਅਦ ਇਹ ਸਹੀ ਪਾਇਆ ਗਿਆ ਕਿ ਮਹਿਲਾ ਫੈਕਲਟੀ ਮੈਂਬਰਾਂ ਨੂੰ ਪੁਰਸ਼ ਮੈਂਬਰਾਂ ਦੇ ਮੁਕਾਬਲੇ ਘੱਟ ਤਨਖਾਹ ਮਿਲ ਰਹੀ ਸੀ। ਇਸ ਮਗਰੋਂ ਹੀ ਤਨਖਾਹਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ। ਹਰੇਕ ਮਹਿਲਾ ਫੈਕਲਟੀ ਮੈਂਬਰ ਨੂੰ 2,050 ਡਾਲਰ ਦਾ ਵਾਧਾ ਦਿੱਤਾ ਜਾਵੇਗਾ। ਇਸ ਵਰਗ ਵਿੱਚ 300 ਦੇ ਕਰੀਬ ਮਹਿਲਾ ਮੈਂਬਰ ਆਉਂਦੀਆਂ ਹਨ।
ਯੇਟਜ਼ ਨੇ ਆਖਿਆ ਕਿ ਉਨ੍ਹਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਇੱਕੋ ਨੌਕਰੀ ਕਰਨ ਵਾਲਿਆਂ ਦੀਆਂ ਤਨਖਾਹਾਂ ਵੀ ਬਰਾਬਰ ਹੋਣੀਆਂ ਚਾਹੀਦੀਆਂ ਹਨ। ਇਹ ਗਲਤੀ ਸੁਧਾਰਨ ਦੀ ਉਨ੍ਹਾਂ ਨੂੰ ਕਾਫੀ ਖੁਸ਼ੀ ਹੈ। ਤਨਖਾਹਾਂ ਵਿੱਚ ਇਹ ਵਾਧਾ ਪਹਿਲੀ ਜੂਨ ਤੋਂ ਸ਼ੁਰੂ ਹੋ ਗਿਆ ਹੈ। ਪਰ ਫੈਕਲਟੀ ਨੂੰ ਇਸ ਬਾਰੇ ਮੰਗਲਵਾਰ ਨੂੰ ਪਤਾ ਲੱਗਿਆ।