ਪ੍ਰੋਵੀਡੈਂਸ, 19 ਨਵੰਬਰ
ਪੰਜ ਮੈਚਾਂ ਦੀ ਲੜੀ ਵਿੱਚ ਪਹਿਲਾਂ ਹੀ ਲੀਡ ਹਾਸਲ ਕਰ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਵੈਸਟ ਇੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾ ਕੇ ਚੌਥਾ ਟੀ-20 ਮੈਚ ਵੀ ਆਪਣੀ ਝੋਲੀ ਪਾ ਲਿਆ। ਭਾਰਤੀ ਮਹਿਲਾ ਟੀਮ ਹੁਣ ਪੰਜ ਮੈਚਾਂ ਦੀ ਲੜੀ ਵਿੱਚ 4-0 ਨਾਲ ਅੱਗੇ ਹੈ। ਚੌਥਾ ਮੈਚ ਮੀਂਹ ਕਾਰਨ ਪ੍ਰਤੀ ਟੀਮ ਨੌਂ ਓਵਰ ਦਾ ਕਰ ਦਿੱਤਾ ਗਿਆ। ਭਾਰਤ ਨੇ ਸੱਤ ਵਿਕਟਾਂ ਗੁਆ ਕੇ 50 ਦੌੜਾਂ ਬਣਾਈਆਂ। ਪੂਜਾ ਵਸਤਰਾਕਰ (ਦਸ ਦੌੜਾਂ) ਦੂਹਰੇ ਅੰਕ ਤੱਕ ਪਹੁੰਚਣ ਵਾਲੀ ਇਕਲੌਤੀ ਭਾਰਤੀ ਰਹੀ। ਤਾਨੀਆ ਭਾਟੀਆ ਨੇ ਨਾਬਾਦ ਅੱਠ ਦੌੜਾਂ ਬਣਾਈਆਂ।
ਮੇਜ਼ਬਾਨ ਲਈ ਹੈਲੇ ਮੈਥਿਊਜ਼ ਨੇ 13 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਐਫੀ ਫਲੈਚਰ ਅਤੇ ਸ਼ੇਨੇਟਾ ਗ੍ਰਿਮੰਡ ਨੂੰ ਦੋ-ਦੋ ਵਿਕਟਾਂ ਮਿਲੀਆਂ। ਭਾਰਤੀ ਟੀਮ ਨੇ ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਕਾਫ਼ੀ ਅਨੁਸ਼ਾਸਨ ਵਿਖਾਇਆ। ਵੈਸਟ ਇੰਡੀਜ਼ ਦੀ ਟੀਮ ਨੌਂ ਓਵਰਾਂ ਵਿੱਚ ਪੰਜ ਵਿਕਟਾਂ ’ਤੇ 45 ਦੌੜਾਂ ਹੀ ਬਣਾ ਸਕੀ। ਮੈਥਿਊਜ਼ (11 ਦੌੜਾਂ) ਅਤੇ ਚਿਨੈਲੇ ਹੈਨਰੀ (11 ਦੌੜਾਂ) ਨੇ ਹੀ ਮੇਜ਼ਬਾਨ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਆਪਣੀਆਂ ਸਪਿੰਨਰਾਂ ’ਤੇ ਪੂਰਾ ਭਰੋਸਾ ਸੀ, ਜਿਨ੍ਹਾਂ ਨੇ ਉਸ ਨੂੰ ਨਿਰਾਸ਼ ਨਹੀਂ ਕੀਤਾ। ਆਫ਼ ਸਪਿੰਨਰ ਅਨੁਜਾ ਪਾਟਿਲ ਨੇ ਦੋ ਵਿਕਟਾਂ ਲਈਆਂ, ਜਦਕਿ ਦੀਪਤੀ ਸ਼ਰਮਾ ਅਤੇ ਰਾਧਾ ਯਾਦਵ ਨੂੰ ਇੱਕ-ਇੱਕ ਵਿਕਟ ਮਿਲੀ। ਪੰਜਵਾਂ ਅਤੇ ਆਖ਼ਰੀ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ। ਭਾਰਤੀ ਮਹਿਲਾ ਟੀਮ ਨੇ ਵੈਸਟ ਇੰਡੀਜ਼ ਤੋਂ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ 2-1 ਨਾਲ ਜਿੱਤੀ ਸੀ।