ਸਿਡਨੀ: ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਐਲਿਸਾ ਹੀਲੀ ਨੇ ਸ੍ਰੀਲੰਕਾ ਖ਼ਿਲਾਫ਼ ਇੱਥੇ ਨਾਬਾਦ 148 ਦੌੜਾਂ ਬਣਾ ਕੇ ਮਹਿਲਾ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ ਸਭ ਤੋਂ ਵੱਧ ਸਕੋਰ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ। ਵਿਕਟਕੀਪਰ ਤੇ ਬੱਲੇਬਾਜ਼ ਹੀਲੀ ਨੇ ਆਪਣੀ ਪਾਰੀ ਦੌਰਾਨ ਸਿਰਫ਼ 61 ਗੇਂਦਾਂ ਖੇਡੀਆਂ ਅਤੇ 19 ਚੌਕੇ ਅਤੇ ਸੱਤ ਛੱਕੇ ਜੜੇ। ਹੀਲੀ ਨੇ ਹਮਵਤਨ ਮੈੱਗ ਲੈਨਿੰਗ ਦਾ ਰਿਕਾਰਡ ਤੋੜਿਆ, ਜਿਸ ਨੇ ਇਸ ਸਾਲ ਜੁਲਾਈ ਵਿੱਚ ਚੈਮਸਫੋਰਡ ਵਿੱਚ ਇੰਗਲੈਂਡ ਖ਼ਿਲਾਫ਼ ਨਾਬਾਦ 133 ਦੌੜਾਂ ਬਣਾਈਆਂ ਸਨ। ਆਸਟਰੇਲੀਆ ਨੇ ਇਹ ਮੈਚ 132 ਦੌੜਾਂ ਨਾਲ ਜਿੱਤ ਕੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਵਿੱਚ 3-0 ਨਾਲ ਹੂੰਝਾ ਫੇਰ ਦਿੱਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੀਲੀ ਦੀ ਤੂਫ਼ਾਨੀ ਪਾਰੀ ਅਤੇ ਰਾਸ਼ੇਲ ਹੇਨਜ਼ ਦੀਆਂ 41 ਦੌੜਾਂ ਦੀ ਮਦਦ ਨਾਲ ਦੋ ਵਿਕਟਾਂ ’ਤੇ 226 ਦੌੜਾਂ ਬਣਾਈਆਂ ਅਤੇ ਆਪਣੇ ਪਿਛਲੇ ਸਭ ਤੋਂ ਵੱਧ ਸਕੋਰ ਦੀ ਬਰਾਬਰੀ ਕੀਤੀ। ਇਸ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਟੀਮ ਸੱਤ ਵਿਕਟਾਂ ’ਤੇ 94 ਦੌੜਾਂ ਹੀ ਬਣਾ ਸਕੀ। ਉਸ ਵੱਲੋਂ ਚਮਾਰੀ ਅੱਟਾਪੱਟੂ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਆਸਟਰੇਲੀਆ ਲਈ ਨਿਕੋਲਾ ਕੈਰੀ ਨੇ 15 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। -ਪੀਟੀਆਈ
ਚਾਈਨਾ ਓਪਨ: ਐਂਡੀ ਮਰੇ ਕੁਆਰਟਰ ਫਾਈਨਲ ’ਚ
ਪੇਈਚਿੰਗ: ਐਂਡੀ ਮਰੇ ਨੇ ਸਰਜਰੀ ਮਗਰੋਂ ਏਟੀਪੀ ਟੂਰ ’ਤੇ ਪਹਿਲੀ ਵਾਰ ਲਗਾਤਾਰ ਦੋ ਸਿੰਗਲਜ਼ ਮੈਚਾਂ ਵਿੱਚ ਜਿੱਤ ਦਰਜ ਕਰਦਿਆਂ ਅੱਜ ਇੱਥੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਦੁਨੀਆਂ ਦੇ ਸਾਬਕਾ ਅੱਵਲ ਨੰਬਰ ਖਿਡਾਰੀ ਮਰੇ ਨੇ ਬਰਤਾਨੀਆ ਦੇ ਆਪਣੇ ਸਾਥੀ ਖਿਡਾਰੀ ਕੈਮਰੌਨ ਨੌਰੀ ਨੂੰ ਲਗਪਗ ਤਿੰਨ ਘੰਟੇ ਚੱਲੇ ਸਖ਼ਤ ਮੁਕਾਬਲੇ ਵਿੱਚ 7-6, 6-7, 6-1 ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਮਰੇ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਡੌਮੀਨਿਕ ਥੀਮ ਜਾਂ ਚੀਨ ਦੇ ਵਾਈਲਡ ਕਾਰਡ ਪ੍ਰਾਪਤ ਝੇਂਗ ਝਿਝਣ ਨਾਲ ਹੋਵੇਗਾ। ਇਸ ਸਾਲ ਜਨਵਰੀ ਵਿੱਚ ਬਰਤਾਨਵੀ ਖਿਡਾਰੀ ਦੀ ਦੂਜੀ ਵਾਰ ਸਰਜਰੀ ਹੋਈ ਸੀ। ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਖਿਡਾਰੀ ਦੀ ਮੌਜੂਦਾ ਵਿਸ਼ਵ ਦਰਜਾਬੰਦੀ 503 ਤੱਕ ਖਿਸਕ ਗਈ ਹੈ। ਸਰਜਰੀ ਮਗਰੋਂ ਉਸ ਨੇ ਬੀਤੇ ਹਫ਼ਤੇ ਜੁਹਾਈ ਚੈਂਪੀਅਨਸ਼ਿਪ ਵਿੱਚ ਸਿੰਗਲਜ਼ ਵਰਗ ਵਿੱਚ ਟੈਂਨੇਸ ਸੈਂਡਗ੍ਰੇਨ ਖ਼ਿਲਾਫ਼ ਪਹਿਲੀ ਜਿੱਤ ਦਰਜ ਕੀਤੀ ਸੀ। ਉਹ ਵਾਪਸੀ ਲਈ ਜੂਝ ਰਿਹਾ ਹੈ।