ਨਵੀਂ ਦਿੱਲੀ, 28 ਮਈ

ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਜੰਤਰ-ਮੰਤਰ ਵਿਚ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਸਰਕਾਰ ਦਾ ਹੰਕਾਰ ਇੰਨਾ ਵੱਧ ਗਿਆ ਹੈ ਕਿ ਉਹ ਮਹਿਲਾ ਖਿਡਾਰੀਆਂ ਦੀ ਆਵਾਜ਼ ਨੂੰ ਪੈਰਾਂ ਹੇਠ ਰੋਲ ਰਹੀ ਹੈ। ਪ੍ਰਿਅੰਕਾ ਗਾਂਧੀ ਨੇ ਹਿੰਦੀ ਵਿਚ ਟਵੀਟ ਕਰਦਿਆਂ ਕਿਹਾ, ‘ਖਿਡਾਰੀਆਂ ਦੀ ਛਾਤੀ ’ਤੇ ਲੱਗੇ ਮੈਡਲ ਸਾਡੇ ਦੇਸ਼ ਦਾ ਮਾਣ ਹਨ। ਇਨ੍ਹਾਂ ਮੈਡਲਾਂ ਤੇ ਖਿਡਾਰੀਆਂ ਦੀ ਸਖ਼ਤ ਮਿਹਨਤ ਨਾਲ ਦੇਸ਼ ਦਾ ਮਾਣ ਵਧਦਾ ਹੈ ਪਰ ਭਾਜਪਾ ਸਰਕਾਰ ਦਾ ਹੰਕਾਰ ਇੰਨਾ ਵਧ ਗਿਆ ਹੈ ਕਿ ਸਰਕਾਰ ਸਾਡੀਆਂ ਮਹਿਲਾ ਖਿਡਾਰਨਾਂ ਦੀ ਆਵਾਜ਼ ਨੂੰ ਬੇਰਹਿਮੀ ਨਾਲ ਆਪਣੇ ਬੂਟਾਂ ਹੇਠ ਰੋਲ ਰਹੀ ਹੈ ਜੋ ਸਰਾਸਰ ਗਲਤ ਹੈ।’ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸਰਕਾਰ ਦਾ ਹੰਕਾਰ ਅਤੇ ਇਸ ਬੇਇਨਸਾਫੀ ਨੂੰ ਦੇਖ ਰਿਹਾ ਹੈ। ਉਨ੍ਹਾਂ ਪੁਲੀਸ ਦੀਆਂ ਸਟਾਰ ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਦੀਆਂ ਜੰਤਰ-ਮੰਤਰ ’ਤੇ ਵਧੀਕੀਆਂ ਦੀਆਂ ਤਸਵੀਰਾਂ ਵੀ ਨੱਥੀ ਕੀਤੀਆਂ।