ਦੁਬਈ, 15 ਦਸੰਬਰ
ਅਗਲੇ ਸਾਲ ਚਾਰ ਮਾਰਚ ਤੋਂ ਨਿਊਜ਼ੀਲੈਂਡ ਵਿੱਚ ਹੋਣ ਵਾਲੇ ਇੱਕ ਦਿਨਾ ਮੈਚਾਂ ਦੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਮਹਿਲਾ ਟੀਮ ਦਾ ਪਹਿਲਾ ਮੁਕਾਬਲਾ 6 ਮਾਰਚ 2022 ਨੂੰ ਪਾਕਿਸਤਾਨ ਦੀ ਟੀਮ ਹੋਵੇਗਾ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਅੱਜ ਟੂਰਨਾਮੈਂਟ ਦੇ ਮੁਕਾਬਲਿਆਂ ਦਾ ਸਮਾਂ ਸਾਰਨੀ ਐਲਾਨੀ ਹੈ। ਵਿਸ਼ਵ ਕੱਪ ਦਾ ਉਦਘਾਟਨੀ ਮੈਚ 4 ਮਾਰਚ ਨੂੰ ਮੇਜ਼ਬਾਨ ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਇਸ ਮਗਰੋਂ ਦੋ ਅਹਿਮ ਮੁਕਾਬਲੇ ਹੋਣ ਜਿਨ੍ਹਾਂ ਵਿੱਚ 5 ਮਾਰਚ ਨੂੰ ਆਸਟਰੇਲੀਆ ਦੀ ਟੀਮ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਇੰਗਲੈਂਡ ਦੀ ਟੀਮ ਨਾਲ ਜਦਕਿ ਭਾਰਤੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ 6 ਮਾਰਚ ਨੂੰ ਹੋਵੇਗਾ। ਟੂਰਨਾਮੈਂਟ ਵਿੱਚ 8 ਟੀਮਾਂ ਹਿੱਸਾ ਲੈਣਗੀਆਂ ਅਤੇ ਕੁੱਲ 31 ਮੈਚ ਖੇਡੇ ਜਾਣਗੇ। ਭਾਰਤੀ ਟੀਮ 4 ਮਾਰਚ ਨੂੰ ਪਾਕਿਸਤਾਨ ਨਾਲ ਮੁਕਾਬਲੇ ਮਗਰੋਂ 10 ਮਾਰਚ ਨੂੰ ਨਿਊੁਜ਼ੀਲੈਂਡ, 12 ਨੂੰ ਵੈਸਟ ਇੰਡੀਜ਼, 16 ਨੂੰ ਇੰਗਲੈਂਡ, 19 ਨੂੰ ਆਸਟਰੇਲੀਆ, 22 ਨੂੰ ਬੰਗਲਾਦੇਸ਼ ਅਤੇ 27 ਮਾਰਚ ਨੂੰ ਦੱਖਣੀ ਅਫਰੀਕਾ ਨਾਲ ਭਿੜੇਗੀ। ਸੈਮੀ ਫਾਈਨਲ ਮੁਕਾਬਲੇ 30 ਅਤੇ 31 ਮਾਰਚ ਨੂੰ ਖੇਡੇ ਜਾਣਗੇ ਜਦਕਿ ਫਾਈਨਲ ਮੁਕਾਬਲਾ ਤਿੰਨ ਅਪਰੈਲ ਨੂੰ ਹੋਵੇਗਾ।