ਪਾਲੇਕੇਲੇ:ਕਪਤਾਨ ਹਰਮਨਪ੍ਰੀਤ ਕੌਰ ਅਤੇ ਪੂਜਾ ਵਸਤਰਾਕਰ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਨੂੰ ਤੀਜੇ ਤੇ ਆਖਰੀ ਇੱਕ ਦਿਨਾਂ ਮੈਚ ਵਿੱਚ 39 ਦੌੜਾਂ ਨਾਲ ਮਾਤ ਦਿੰਦਿਆਂ ਲੜੀ 3-0 ਨਾਲ ਜਿੱਤ ਲਈ ਹੈ। ਹਰਮਨਪ੍ਰੀਤ ਕੌਰ ਨੇ ਬੱਲੇਬਾਜ਼ੀ ਕਰਦਿਆਂ 75 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਕਰਦਿਆਂ ਇੱਕ ਵਿਕਟ ਹਾਸਲ ਕੀਤੀ ਜਦਕਿ ਪੂਜਾ ਵਸਤਰਾਕਰ ਨੇ ਨਾਬਾਦ 56 ਦੌੜਾਂ ਬਣਾਈਆਂ ਤੇ ਦੋ ਵਿਕਟਾਂ ਵੀ ਲਈਆਂ। ਦੋਵਾਂ ਨੇ ਸੱਤਵੀਂ ਵਿਕਟ ਲਈ 97 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ 255 ਦੌੜਾਂ ਬਣਾਈਆਂ। ਕੁੱਲ ਸਕੋਰ ’ਚ ਸ਼ੈਫਾਲੀ ਵਰਮਾ ਨੇ 49 ਦੌੜਾਂ ਦਾ ਯੋਗਦਾਨ ਪਾਇਆ। ਬਾਅਦ ਵਿੱਚ ਭਾਰਤੀ ਮਹਿਲਾ ਗੇਂਦਬਾਜ਼ਾਂ ਨੇ ਜਿੱਤ ਲਈ 256 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਸ੍ਰੀਲੰਕਾ ਟੀਮ ਨੂੰ 47.3 ਓਵਰਾਂ ਵਿੱਚ 216 ਦੌੜਾਂ ’ਤੇ ਹੀ ਆਊਟ ਕਰ ਦਿੱਤਾ ਜਿਸ ਵਿੱਚ ਹਰਮਨਪ੍ਰੀਤ ਅਤੇ ਪੂਜਾ ਵਸਤਰਾਕਰ ਨੇ ਅਹਿਮ ਭੂਮਿਕਾ ਨਿਭਾਈ। ਗੇਂਦਬਾਜ਼ ਰਾਜੇਸ਼ਵਰੀ ਗਾਇਕਵਾੜ ਨੇ ਤਿੰਨ ਅਤੇ ਮੇਘਨਾ ਸਿੰਘ ਨੇ ਦੋ ਵਿਕਟਾਂ ਹਾਸਲ ਕੀਤੀਆਂ। ਵਧੀਆ ਪ੍ਰਦਰਸ਼ਨ ਸਦਕਾ ਹਰਮਨਪ੍ਰੀਤ ਕੌਰ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਖ਼ਿਲਾਫ਼ ਦੁਵੱਲੀ ਲੜੀ ਵਿੱਚ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸ੍ਰੀਲੰਕਾ ਤੋਂ 2013, 2015 ਅਤੇ 2018 ਵਿੱਚ ਇੱਕ ਦਿਨਾ ਮੈਚਾਂ ਦੀ ਲੜੀ ਜਿੱਤੀ ਸੀ।