ਅੰਮ੍ਰਿਤਸਰ, 15 ਦਸੰਬਰ
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਬਰਨਾਲਾ ਨਾਲ ਸਬੰਧਤ ਆਗੂ ਵਾਲੀ ਵੀਡੀਓ ਕਲਿੱਪ ਦੇ ਮਾਮਲੇ ਵਿੱਚ ਉਨ੍ਹਾਂ ਦੇ ਬਿਆਨ ਨਾਲ ਛੇੜਛਾੜ ਕੀਤੀ ਗਈ ਹੈ। ਸ੍ਰੀ ਖਹਿਰਾ ਅੱਜ ਇੱਥੇ ਨਗਰ ਨਿਗਮ ਚੋਣਾਂ ਵਾਸਤੇ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਪੁੱਜੇ ਸਨ।
ਸ੍ਰੀ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਨ੍ਹਾਂ ਦੇ ਬਿਆਨ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਕਿਸੇ ਵਿਅਕਤੀ ਨੇ ਅੱਧ-ਅਧੂਰੇ ਬਿਆਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਅੱਪਲੋਡ ਕੀਤਾ ਹੈ। ਇਸ ਦੌਰਾਨ ਸ੍ਰੀ ਖਹਿਰਾ ਨੇ ਅੱਜ ਚਮਰੰਗ ਰੋਡ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਪਾਰਕ, ਬਾਬਾ ਦੀਪ ਸਿੰਘ ਕਲੋਨੀ ਚਾਟੀਵਿੰਡ, ਜੈ ਸਿੰਘ ਚੌਕ, ਪਿੰਡ ਫਤਾਹਪੁਰ, ਕਿਸ਼ਨ ਕੋਟ, ਇਸਲਾਮਾਬਾਦ ਤੇ ਛੇਹਰਟਾ ਆਦਿ ਇਲਾਕਿਆਂ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ‘ਆਪ’ ਵਾਲੰਟੀਅਰਾਂ ਨੂੰ ਆਖਿਆ ਕਿ ਉਹ ਨਿਗਮ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਮਿਹਨਤ ਕਰਨ। ਉਨ੍ਹਾਂ ਵੋਟਰਾਂ ਨੂੰ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ਨੂੰ ਵੀ ਆੜੇ ਹੱਥੀਂ ਲਿਆ।
‘ਆਪ’ ਦੀਆਂ ਚੋਣ ਰੈਲੀਆਂ ਨੂੰ ਮੱਠਾ ਹੁੰਗਾਰਾ
‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਕੀਤੀਆਂ ਚੋਣ ਰੈਲੀਆਂ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ। ਸ੍ਰੀ ਖਹਿਰਾ ਨੇ ਇੱਥੇ ਲਗਭਗ ਢਾਈ ਵਜੇ ਪੁੱਜਣਾ ਸੀ ਪਰ ਉਹ ਕਰੀਬ ਦੋ ਘੰਟੇ ਦੇਰੀ ਨਾਲ ਪੁੱਜੇ, ਜਿਸ ਕਾਰਨ ਲੋਕ ਉੱਠ ਕੇ ਚਲੇ ਗਏ ਸਨ। ਪਾਰਟੀ ਵਰਕਰਾਂ ਨੇ ਆਖਿਆ ਕਿ ‘ਆਪ’ ਆਗੂ ਦੇ ਦੇਰੀ ਨਾਲ ਪੁੱਜਣ ਕਾਰਨ ਲੋਕ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਜਨਤਕ ਰੈਲੀਆਂ ਲਈ ਲੋਕ ਇਕੱਠੇ ਕਰਨ ਵਾਸਤੇ ਕਾਫ਼ੀ ਜੱਦੋ-ਜਹਿਦ ਕੀਤੀ ਗਈ ਸੀ।