ਠਾਣੇ, 24 ਜਨਵਰੀ

ਜ਼ਿਲ੍ਹੇ ਦੇ ਭਾਯੰਦਰ ਇਲਾਕੇ ਦੇ ਵਸਨੀਕ ਇਕ ਵਿਆਹੁਤਾ ਨੌਜਵਾਨ ਨੂੰ ਇਕ ਔਰਤ ਨੇ ਬੰਧਕ ਬਣਾ ਕੇ ਲੁੱਟ ਲਿਆ। ਉਸ ਔਰਤ ਨਾਲ ਪੀੜਤ ਦੀ ਕੁਝ ਸਮਾਂ ਪਹਿਲਾਂ ਹੀ ਸ਼ੋਸ਼ਲ ਮੀਡੀਆ ’ਤੇ ਦੋਸਤੀ ਹੋਈ ਸੀ। ਮੁਲਜ਼ਮ ਔਰਤ ਨੇ ਦਬਾਅ ਪਾ ਕੇ ਪੀੜਤ ਨੌਜਵਾਨ ਤੋਂ 6 ਲੱਖ ਰੁਪਏ ਵੀ ਲੈ ਲਏ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਔਰਤ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸ੍ਰੀ ਨਗਰ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਤਰਖਾਣ ਦਾ ਕੰਮ ਕਰਦਾ ਹੈ। ਜੁਲਾਈ ਵਿੱਚ ਸ਼ੋਸ਼ਲ ਮੀਡੀਆ ’ਤੇ ਕੁਐਕ-ਕੁਐਕ ਐਪ ’ਤੇ ਉਸ ਦੀ ਦੋਸਤੀ ਮੁਲਜ਼ਮ ਔਰਤ ਨਾਲ ਹੋਈ ਸੀ। ਉਸ ਔਰਤ ਨੇ ਉਸ ਨੂੰ ਠਾਣੇ ਸ਼ਹਿਰ ਬੁਲਾਇਆ, ਜਦੋਂ ਉਹ ਸਬੰਧਤ ਥਾਂ ’ਤੇ ਪੁੱਜਿਆ ਤਾਂ ਉਹ ਉਸ ਨੂੰ ਆਪਣੇ ਘਰ ਲੈ ਗਈ, ਜਿਥੇ ਉਸ ਦੇ ਸਾਥੀ ਮੌਜੂਦ ਸਨ। ਇਨ੍ਹਾਂ ਸਾਰਿਆਂ ਨੇ ਉਸ ਨੂੰ ਬੰਧਕ ਬਣਾ ਲਿਆ। ਉਨ੍ਹਾਂ ਨੇ ਉਸ ਨੂੰ ਛੱਡਣ ਬਦਲੇ 10 ਲੱਖ ਰੁਪਏ ਦੀ ਮੰਗ ਕੀਤੀ ਅਤੇ ਅਜਿਹਾ ਨਾ ਕਰਨ ’ਤੇ ਉਸ ਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਛੱਡਣ ਤੋਂ ਪਹਿਲਾਂ ਪੀੜਤ ਤੋਂ ਉਸਦਾ ਤੇ ਉਸਦੀ ਪਤਨੀ ਦਾ ਕ੍ਰੈਡਿਟ ਕਾਰਡ ਖੋਹ ਲਿਆ ਤੇ 6,32,100 ਰੁਪਏ ਕਢਵਾ ਲਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।