ਭੰਡਾਰਾ : ਮਹਾਰਾਸ਼ਟਰ ਦੇ ਭੰਡਾਰਾ ਵਿਚ ਅੱਜ ਸਵੇਰੇ Ordnance Factory ‘ਚ ਕਈ ਧਮਾਕੇ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਸਵੇਰੇ ਤੜਕੇ ਵਾਪਰਿਆ। ਜਾਣਕਾਰੀ ਅਨੁਸਾਰ ਫੈਕਟਰੀ ਵਿਚ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ, ਜਿਸ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਿਸ ਵਿਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 7 ਜ਼ਖਮੀ ਦੱਸੇ ਜਾ ਰਹੇ ਹਨ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਸਲਾ ਫੈਕਟਰੀ ਵਿਚ ਹੋਏ ਧਮਾਕੇ ਦੀ ਆਵਾਜ਼ 5 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।

ਭੰਡਾਰਾ ਦੇ ਕੁਲੈਕਟਰ ਸੰਜੇ ਕੋਲਟੇ ਨੇ ਕਿਹਾ ਕਿ Ordnance Factory ਜਵਾਹਰ ਨਗਰ ਭੰਡਾਰਾ ਵਿਚ ਹੋਏ ਧਮਾਕੇ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ। ਹਾਦਸੇ ਵਿਚ ਛੱਤ ਡਿੱਗ ਗਈ ਹੈ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਕਿਹਾ ਕਿ ਮਹਾਰਾਸ਼ਟਰ ਦੇ ਭੰਡਾਰਾ ਵਿਖੇ ਆਰਡੀਨੈਂਸ ਫੈਕਟਰੀ ਵਿਚ ਹੋਏ ਧਮਾਕੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਮੌਕੇ ’ਤੇ ਤਾਇਨਾਤ ਹਨ ਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।