ਮੁੰਬਈ, 21 ਜੂਨ
ਐੱਨਸੀਪੀ ਦੇ ਸੀਨੀਅਰ ਆਗੂ ਅਜੀਤ ਪਵਾਰ ਨੇ ਪਾਰਟੀ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਜੋਂ ਦਿੱਤੀ ਗਈ ਜ਼ਿੰਮੇਵਾਰੀ ਤੋਂ ਸੁਰਖਰੂ ਕੀਤਾ ਜਾਵੇ। ਉਨ੍ਹਾਂ ਕਿਹਾ ਹੈ ਕਿ ਉਹ ਪਾਰਟੀ ਸੰਗਠਨ ’ਚ ਕੋਈ ਜ਼ਿੰਮੇਵਾਰੀ ਨਿਭਾਉਣਾ ਪਸੰਦ ਕਰਨਗੇ। ਉਨ੍ਹਾਂ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ 24ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਇਹ ਮੰਗ ਕੀਤੀ ਜਿਸ ’ਚ ਸ਼ਰਦ ਪਵਾਰ ਸਮੇਤ ਹੋਰ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਅਜੀਤ ਪਵਾਰ ਨੇ ਕਿਹਾ,‘‘ਮੈਨੂੰ ਦੱਸਿਆ ਗਿਆ ਕਿ ਮੈਂ ਵਿਰੋਧੀ ਧਿਰ ਦੇ ਆਗੂ ਵਜੋਂ ਸਖ਼ਤ ਸਟੈਂਡ ਨਹੀਂ ਲੈਂਦਾ ਹਾਂ। ਮੇਰੀ ਵਿਰੋਧੀ ਧਿਰ ਦੇ ਆਗੂ ਵਜੋਂ ਕੰਮ ਕਰਨ ’ਚ ਦਿਲਚਸਪੀ ਨਹੀਂ ਹੈ ਪਰ ਪਾਰਟੀ ਵਿਧਾਇਕਾਂ ਦੀ ਮੰਗ ’ਤੇ ਮੈਂ ਇਹ ਅਹੁਦਾ ਸਵੀਕਾਰਿਆ ਸੀ।’’ ਐੱਨਸੀਪੀ ਆਗੂ ਨੇ ਕਿਹਾ ਕਿ ਭਾਰਤ ਰਾਸ਼ਟਰ ਸਮਿਤੀ ਅਤੇ ਵੰਚਿਤ ਬਹੁਜਨ ਅਗਾੜੀ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੋਟਾਂ ਨਾ ਵੰਡੀਆਂ ਜਾਣ। ਉਨ੍ਹਾਂ ਮੁੰਬਈ ਅਤੇ ਵਿਦਰਭਾ ’ਚ ਐੱਨਸੀਪੀ ਨੂੰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਬਾਰਾਮਤੀ ਤੋਂ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਸਾਂਝੇ ਸਿਵਲ ਕੋਡ ਬਾਰੇ ਕਿਹਾ ਕਿ ਅਜੇ ਇਹ ਤਿਆਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਹਟਾਉਣ ਮਗਰੋਂ ਕਸ਼ਮੀਰ ’ਚ ਸੈਰ-ਸਪਾਟਾ ਵਧਿਆ ਹੈ।