ਲੰਡਨ: ਇੰਗਲੈਂਡ ਦੇ ਵਿੰਡਸਰ ਮਹਿਲ ਵਿਚ ਬਰਤਾਨੀਆ ਦੀ ਮਹਾਰਾਣੀ ਦੀ ਰਾਖੀ ਲਈ ਤਾਇਨਾਤ ਸੁਰੱਖਿਆ ਕਰਮੀਆਂ ਦੀ ਬੈਰਕ ਵਿਚ ਪਾਦਰੀ ਬਣ ਕੇ ਦਾਖਲ ਹੋਣ ਵਾਲੇ ਘੁਸਪੈਠੀਏ ਦੇ ਮਾਮਲੇ ਦੀ ਜਾਂਚ ਬਰਤਾਨਵੀ ਫ਼ੌਜ ਵੱਲੋਂ ਕੀਤੀ ਜਾ ਰਹੀ ਹੈ। ਸੁਰੱਖਿਆ ਵਿੱਚ ਸੰਨ੍ਹ ਲੱਗਣ ਬਾਰੇ ਰਿਪੋਰਟ ‘ਦਿ ਸਨ’ ਵਿਚ ਮੰਗਲਵਾਰ ਆਈ ਸੀ। ਇਸ ਵਿਚ ਕਿਹਾ ਗਿਆ ਸੀ ਕਿ ਪੁਲੀਸ ਨੂੰ ਪਿਛਲੇ ਬੁੱਧਵਾਰ ਸੂਚਨਾ ਦਿੱਤੀ ਗਈ ਸੀ। ਇਕ ਅਣਪਛਾਤੇ ਵਿਅਕਤੀ ਨੇ ਵਿੰਡਸਰ ਦੀ ਸ਼ੀਟ ਸਟਰੀਟ ’ਤੇ ਵਿਕਟੋਰੀਆ ਬੈਰਕ ਵਿਚ ਸਮਾਂ ਬਤੀਤ ਕੀਤਾ ਸੀ। ਉਸ ਵੇਲੇ ਮਹਾਰਾਣੀ ਆਪਣੇ 96ਵੇਂ ਜਨਮ ਦਿਨ ਦੇ ਸਬੰਧ ’ਚ ਸੈਂਡਰਿੰਘਮ ਅਸਟੇਟ ਵਿਚ ਸੀ। ਇਹ ਬੈਰਕ ‘ਦਿ ਕੋਲਡਸਟ੍ਰੀਮ ਗਾਰਡਜ਼’ ਦੇ ਹਨ ਜਿਨ੍ਹਾਂ ਨੂੰ ‘ਵਿੰਡਸਰ ਕਾਸਲ’ ਤੇ ‘ਬਕਿੰਘਮ ਪੈਲੇਸ’ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ। ਸੂਤਰ ਨੇ ਦੱਸਿਆ ਕਿ ਇਸ ਵਿਅਕਤੀ ਨੇ ਆਪਣੇ ਆਪ ਨੂੰ ਫਾਦਰ ਕਰੂਜ਼ ਦੱਸਿਆ ਸੀ।