ਸ਼ੰਭੂ ਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਅਜਿਹੇ ‘ਚ ਹੁਣ ਕਿਸਾਨਾਂ ਨੇ 11 ਤੋਂ 13 ਫਰਵਰੀ ਤੱਕ ਹੋਣ ਵਾਲੀ ਕਿਸਾਨ ਮਹਾਪੰਚਾਇਤ ਨੂੰ ਸਫਲ ਬਣਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ ਕਿਉਂਕਿ 14 ਫਰਵਰੀ ਨੂੰ ਚੰਡੀਗੜ੍ਹ ‘ਚ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 72ਵੇਂ ਦਿਨ ਹੋ ਗਏ ਹਨ। ਇਸ ਦੇ ਨਾਲ ਹੀ ਅੱਜ ਉਨ੍ਹਾਂ ਨੇ 2.19 ਮਿੰਟ ਦਾ ਵੀਡੀਓ ਸੰਦੇਸ਼ ਜਾਰੀ ਕਰਕੇ ਲੋਕਾਂ ਨੂੰ ਮਹਾਪੰਚਾਇਤ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਡੱਲੇਵਾਲ ਨੇ ਕਿਹਾ ਕਿਸਾਨ ਭਰਾਵੋ, ਕੱਲ੍ਹ ਹਰਿਆਣਾ ਦੇ ਕਿਸਾਨ ਭਰਾ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਖੇਤਾਂ ਵਿੱਚੋਂ ਪਾਣੀ ਲੈ ਕੇ ਖਨੌਰੀ ਆਏ ਸਨ। ਇਹ ਬਹੁਤ ਵੱਡਾ ਉਪਰਾਲਾ ਹੈ। ਜੋ ਸਾਡੇ ਪੀਣ ਲਈ ਪਾਣੀ ਲਿਆਏ ਹਨ। ਅਸੀਂ ਇਸ ਦੇ ਲਈ ਹਰਿਆਣਾ ਦੇ ਕਿਸਾਨਾਂ ਦੇ ਅਹਿਸਾਨਮੰਦ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। 12 ਫਰਵਰੀ ਨੂੰ ਕਿਸਾਨ ਮਹਾਪੰਚਾਇਤ ਦਾ ਪ੍ਰੋਗਰਾਮ ਦਿੱਤਾ ਹੈ। ਹੱਥ ਜੋੜ ਤੇ ਤੁਹਾਨੂੰ ਬੇਨਤੀ ਹੈ ਕਿ ਪੂਰੇ ਦੇਸ਼ ਤੋਂ ਕਿਸਾਨ ਇੱਥੇ ਆਉਣ। ਤੁਹਾਡੇ ਇੱਥੇ ਪਹੁੰਚਣ ਨਾਲ ਸਾਨੂੰ ਸਕਤੀ ਤੇ ਤਾਕਤ ਮਿਲਦੀ ਹੈ। ਭਾਵੇਂ ਸਾਡਾ ਸਰੀਰ ਬੈਠਕ ਵਿਚ ਜਾਣ ਲਈ ਤਿਆਰ ਨਹੀਂ ਹੈ ਪਰ ਹੋ ਸਕਦਾ ਹੈ ਕਿ ਉਸ ਊਰਜਾ ਕਰਕੇ ਅਸੀਂ ਉਸ ਬੈਠਕ ਵਿਚ ਸ਼ਾਮਲ ਹੋ ਸਕੀਏ ਅਤੇ ਉਥੇ ਜਾ ਕੇ ਤੁਹਾਡੀ ਗੱਲ ਮਜ਼ਬੂਤੀ ਨਾਲ ਰੱਖ ਸਕੀਏ। ਸਾਡੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਮਹਾਪੰਚਾਇਤ ‘ਚ ਸ਼ਾਮਲ ਹੋਵੋ। ਪਾਣੀ ਲਿਆਉਣ ਲਈ ਹਰਿਆਣਾ ਦੇ ਕਿਸਾਨਾਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ।
6 ਫਰਵਰੀ ਤੋਂ ਪਾਣੀ ਲੈ ਕੇ ਆਉਣਗੇ ਖਨੌਰੀ
ਜਗਜੀਤ ਸਿੰਘ ਡੱਲੇਵਾਲ ਹੁਣ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਲਿਆਂਦਾ ਪਾਣੀ ਹੀ ਪੀ ਰਹੇ ਹਨ। ਮੰਗਲਵਾਰ ਨੂੰ ਹਰਿਆਣਾ ਦੇ 50 ਪਿੰਡਾਂ ਦੇ ਕਿਸਾਨ ਆਪਣੇ ਖੇਤਾਂ ‘ਚੋਂ ਟਿਊਬਵੈੱਲ ਦਾ ਪਾਣੀ ਲੈ ਕੇ ਖਨੌਰੀ ਸਰਹੱਦ ‘ਤੇ ਪਹੁੰਚੇ। ਜਦਕਿ 6, 8 ਅਤੇ 10 ਫਰਵਰੀ ਨੂੰ ਹਰਿਆਣਾ ਤੋਂ ਕਿਸਾਨਾਂ ਦੇ ਵੱਡੇ ਜਥੇ ਪਾਣੀ ਲੈ ਕੇ ਖਨੌਰੀ ਮੋਰਚੇ ‘ਤੇ ਪਹੁੰਚਣਗੇ।
ਸਰਹੱਦ ’ਤੇ ਪੁੱਜੇ ਕਿਸਾਨ ਆਗੂਆਂ ਨੇ ਦੱਸਿਆ ਕਿ ਡੱਲੇਵਾਲ 71 ਦਿਨਾਂ ਤੋਂ ਸਿਰਫ਼ ਪਾਣੀ ਪੀ ਕੇ ਆਪਣੇ ਸਰੀਰ ‘ਤੇ ਕਸ਼ਟ ਝੱਲ ਰਹੇ ਹਨ ਤਾਂਕਿ ਕਿਸਾਨਾਂ ਦੀ ਜ਼ਮੀਨ ਤੇ ਕਿਸਾਨਾਂ ਦੀ ਅਗਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ।