ਓਟਵਾ, 22 ਅਪਰੈਲ  : ਕੋਵਿਡ-19 ਮਹਾਂਮਾਰੀ ਨਾਲ ਸਿੱਝਣ ਲਈ ਸਾਰੀਆਂ ਪਾਰਟੀਆਂ ਦੀ ਸੱਦੀ ਗਈ ਇੱਕ ਹੰਗਾਮੀ ਪਾਰਲੀਆਮੈਂਟਰੀ ਬਹਿਸ ਅਖੀਰ ਵਿੱਚ ਤੁਹਮਤਬਾਜ਼ੀ ਵਿੱਚ ਬਦਲ ਗਈ। ਇਸ ਬਹਿਸ ਵਿੱਚ ਆਪਸੀ ਸਹਿਯੋਗ ਨਾਲ ਕੋਈ ਹੱਲ ਕੱਢਣ ਦੀ ਕੋਸਿ਼ਸ਼ ਕੀਤੀ ਜਾਣੀ ਸੀ ਪਰ ਮਸਲਾ ਹੋਰ ਹੀ ਕੁੱਝ ਬਣ ਗਿਆ।
ਗ੍ਰੀਨ ਪਾਰਟੀ ਦੀ ਸੀਨੀਅਰ ਐਮਪੀ ਐਲਿਜ਼ਾਬੈੱਥ ਮੇਅ ਵੱਲੋਂ ਇਸ ਬਹਿਸ ਲਈ ਬੇਨਤੀ ਕੀਤੀ ਗਈ ਸੀ। ਮੇਅ ਨੇ ਆਖਿਆ ਸੀ ਕਿ ਕੋਵਿਡ-19 ਦੇ ਬਹੁਤ ਹੀ ਘਾਤਕ ਵੇਰੀਐਂਟਸ ਜੰਗਲ ਦੀ ਅੱਗ ਵਾਂਗ ਫੈਲ ਰਹੇ ਹਨ ਤੇ ਅਜਿਹੇ ਵਿੱਚ ਸਾਰੇ ਸਿਆਸਤਦਾਨਾਂ ਨੂੰ ਰਲ ਕੇ ਇਹ ਹੱਲ ਕੱਢਣਾ ਚਾਹੀਦਾ ਹੈ ਕਿ ਇਸ ਨੂੰ ਕਿਵੇਂ ਰੋਕਿਆ ਜਾਵੇ। ਉਨ੍ਹਾਂ ਆਖਿਆ ਕਿ ਸੰਕਟ ਦੀ ਇਸ ਘੜੀ ਵਿੱਚ ਸਾਨੂੰ ਇੱਕ ਦੂਜੇ ਉੱਤੇ ਦੂਸ਼ਣ ਲਾਉਣ ਦੀ ਥਾਂ ਇਹ ਸੋਚਨਾ ਚਾਹੀਦਾ ਹੈ ਕਿ ਮਹਾਂਮਾਰੀ ਕਾਰਨ ਕੌਮੀ ਪੱਧਰ ਉੱਤੇ ਤਾਲਮੇਲ ਬਿਠਾ ਕੇ ਇੱਕ ਸਾਂਝੀ ਪਹੁੰਚ ਕਿਵੇਂ ਅਪਣਾਈ ਜਾਵੇ ਤਾਂ ਕਿ ਅਸੀਂ ਮਹਾਂਮਾਰੀ ਨੂੰ ਹਰਾ ਸਕੀਏ।
ਗ੍ਰੀਨ ਪਾਰਟੀ ਦੇ ਐਮਪੀ ਪਾਲ ਮੈਨਲੀ ਤੇ ਐਨਡੀਪੀ ਦੇ ਐਮਪੀ ਡੌਨ ਡੇਵੀਜ਼ ਨੇ ਸਲਾਹ ਦਿੱਤੀ ਕਿ ਐਮਰਜੰਸੀ ਐਕਟ ਲਾਗੂ ਕਰਨ ਦਾ ਸਮਾਂ ਆ ਗਿਆ ਹੈ। ਇਸ ਨਾਲ ਫੈਡਰਲ ਸਰਕਾਰ ਇੰਟਰਪ੍ਰੋਵਿੰਸ਼ੀਅਲ ਟਰੈਵਲ ਨੂੰ ਬੰਦ ਕਰਨ, ਕੋਵਿਡ-19 ਵੇਰੀਐਂਂਟਸ ਦੀ ਬਹੁਤਾਤ ਵਾਲੇ ਇਲਾਕਿਆਂ ਵਿੱਚ ਲਾਕਡਾਊਨ ਲਾਉਣ, ਹਸਪਤਾਲ ਕਾਇਮ ਕਰਨ ਤੇ ਐਮਰਜੰਸੀ ਸਿੱਕ ਬੈਨੇਫਿਟਸ ਦੇਣ ਦੇ ਸਮਰੱਥ ਹੋ ਜਾਵੇਗੀ ਤੇ ਉਸ ਨੂੰ ਅਜਿਹੇ ਫੈਸਲੇ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਉੱਤੇ ਨਹੀਂ ਸੁੱਟਣੇ ਪੈਣਗੇ।
ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਓਨਟਾਰੀਓ ਵਰਗੀਆਂ ਸੱਭ ਤੋਂ ਵੱਧ ਮਾਰ ਝੱਲ ਰਹੀਆਂ ਪ੍ਰੋਵਿੰਸਾਂ ਦੀ ਮਦਦ ਲਈ ਫੈਡਰਲ ਸਰਕਾਰ ਨੂੰ ਐਮਰਜੰਸੀ ਐਕਟ ਦੀ ਲੋੜ ਨਹੀਂ ਹੈ। ਹਾਜ਼ਦੂ ਨੇ ਆਖਿਆ ਕਿ ਅਸੀਂ ਪਹਿਲਾਂ ਹੀ ਫੀਲਡ ਹਸਪਤਾਲ ਕਾਇਮ ਕਰ ਚੁੱਕੇ ਹਾਂ ਤੇ ਸਿੱਕਨੈੱਸ ਬੈਨੇਫਿਟ ਵੀ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕੰਜ਼ਰਵੇਟਿਵਾਂ ਤੇ ਬਲਾਕ ਕਿਊਬਿਕੁਆ ਐਮਪੀਜ਼ ਨੇ ਲਿਬਰਲ ਸਰਕਾਰ ਵੱਲੋਂ ਲਏ ਕੁੱਝ ਫੈਸਲਿਆਂ ਉੱਤੇ ਕਿੰਤੂ ਕੀਤਾ।
ਕੰਜ਼ਰਵੇਟਿਵਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਵਿਡ -19 ਦੀ ਤੀਜੀ ਵੇਵ ਲਈ ਜਨਵਰੀ ਤੇ ਫਰਵਰੀ ਵਿੱਚ ਹੀ ਵੈਕਸੀਨ ਦੀ ਸਥਿਰ ਸਪਲਾਈ ਸੁਰੱਖਿਅਤ ਕਰਨ ਵਿੱਚ ਅਸਫਲ ਰਹੇ। ਕੰਜ਼ਰਵੇਟਿਵ ਐਮਪੀ ਜੌਹਨ ਬਾਰਲੋਅ ਨੇ ਆਖਿਆ ਕਿ ਸਿਰਫ ਦੋ ਫੀ ਸਦੀ ਕੈਨੇਡੀਅਨਾਂ ਨੂੰ ਹੀ ਅਜੇ ਕੋਵਿਡ-19 ਦੀਆਂ ਦੋ ਡੋਜ਼ਾਂ ਲਾਈਆਂ ਗਈਆਂ ਹਨ ਜਦਕਿ ਅਮਰੀਕਾ ਵਿੱਚ 30 ਫੀ ਸਦੀ ਦੇ ਨੇੜੇ ਤੇੜੇ ਲੋਕਾਂ ਨੂੰ ਦੋ ਡੋਜ਼ਾਂ ਹਾਸਲ ਹੋ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਸਰਕਾਰ ਹੋਰਨਾਂ ਦੇਸ਼ਾਂ ਨਾਲੋਂ ਵੈਕਸੀਨ ਖਰੀਦਣ ਲਈ ਦੁੱਗਣੀ ਤਿੱਗਣੀ ਕੀਮਤ ਅਦਾ ਕਰ ਰਹੀ ਹੈ ਪਰ ਇਸ ਲਈ ਸਾਨੂੰ ਫਿਰ ਵੀ ਬਿਹਤਰੀਨ ਸੇਵਾਵਾਂ ਨਹੀਂ ਮਿਲ ਰਹੀਆਂ। ਇਸ ਤੋਂ ਇਲਾਵਾ ਕੈਨੇਡਾ ਵਿੱਚ ਹੀ ਪਹਿਲੀ ਤੇ ਦੂਜੀ ਡੋਜ਼ ਵਿੱਚ ਚਾਰ ਮਹੀਨੇ ਦਾ ਫਰਕ ਰੱਖਣ ਲਈ ਵੀ ਆਖਿਆ ਜਾ ਰਿਹਾ ਹੈ।
ਇਹ ਗੱਲਾਂ ਸਵੀਕਾਰਯੋਗ ਨਹੀਂ ਹੈ ਤੇ ਇਹ ਫੈਸਲੇ ਮਾੜੀ ਲੀਡਰਸਿ਼ਪ ਦਰਸਾਉਂਦੇ ਹਨ।ਫੈਡਰਲ ਸਰਕਾਰ ਨੂੰ ਕੈਨੇਡੀਅਨਾਂ ਤੋਂ ਮੁਆਫੀ ਮੰਗਣੀ ਹੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਕਮੀਆਂ ਦਾ ਖਮਿਆਜਾ ਕੈਨੇਡੀਅਨਾਂ ਨੂੰ ਭੁਗਤਣਾ ਪੈ ਰਿਹਾ ਹੈ। ਬਲਾਕ ਕਿਊਬਿਕੁਆ ਦੇ ਕੁੱਝ ਐਮਪੀਜ਼ ਨੇ ਵੀ ਉਨ੍ਹਾਂ ਦੇ ਸੁਰ ਵਿੱਚ ਸੁਰ ਮਿਲਾਇਆ। ਪ੍ਰਿੰਸ ਐਡਵਰਡ ਆਈਲੈਂਡ ਤੋਂ ਲਿਬਰਲ ਐਮਪੀ ਵੇਅਨ ਈਸਟਰ ਨੇ ਆਖਿਆ ਕਿ ਬਹਿਸ ਨੇ ਜਿਹੜਾ ਰੁਖ ਲੈ ਲਿਆ ਉਹ ਬਹੁਤ ਹੀ ਮੰਦਭਾਗਾ ਸੀ ਤੇ ਉਨ੍ਹਾਂ ਵਿਰੋਧੀ ਧਿਰਾਂ ਉੱਤੇ ਗਲਤ ਜਾਣਕਾਰੀ ਨੂੰ ਹਵਾ ਦੇਣ ਦਾ ਦੋਸ਼ ਲਾਇਆ। ਅੰਤ ਵਿੱਚ ਮੇਅ ਨੇ ਆਖਿਆ ਕਿ ਉਹ ਵੀ ਬਹਿਸ ਵੱਲੋਂ ਅਖ਼ਤਿਆਰ ਕੀਤੇ ਗਏ ਰੁਖ ਤੋਂ ਉਦਾਸ ਹੈ।