ਬਰੈਂਪਟਨ, (ਡਾ. ਝੰਡ) -ਬੜੇ ਦੁੱਖ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਟੀ.ਪੀ.ਏ.ਆਰ ਕਲੱਬ ਦਾ ਅਣਮੁੱਲੇ ਹੀਰਾ ਜਸਵਿੰਦਰ ਲੇਲਣਾ ਜਿਨ੍ਹਾਂ ਨੂੰ ਸਾਰੇ ਪਿਆਰ ਨਾਲ ‘ਕਾਕਾ ਲੇਲਣਾ’ ਕਹਿੰਦੇ ਸਨ, ਅੱਜ ਹੁਣ ਸਾਡੇ ਦਰਮਿਆਨ ਨਹੀਂ ਰਹੇ। ਸਾਰੇ ਹੀ ਸੰਸਾਰ ਵਿਚ ਇਸ ਸਮੇਂ ਚੱਲ ਰਹੀ ਮਹਾਂਮਾਰੀ ਕਰੋਨਾ ਨੇ ਉਨ੍ਹਾਂ ਨੂੰ ਬੀਤੇ ਦਿਨੀਂ ਆਪਣੇ ਕਲਾਵੇ ਵਿਚ ਲੈ ਲਿਆ ਅਤੇ ਟੋਰਾਂਟੋ ਦੇ ਵੱਡੇ ਹਸਪਤਾਲ ਵਿਚ ਕਈ ਦਿਨ ਲਗਾਤਾਰ ਚੱਲੇ ਇਲਾਜ ਦੇ ਬਾਵਜੂਦ 27 ਨਵੰਬਰ ਸ਼ੁੱਕਰਵਾਰ ਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਏ। ਐਤਵਾਰ 29 ਤਰੀਕ ਨੂੰ ਉਨ੍ਹਾਂ ਦੇ ਮਿਰਤਕ ਸਰੀਰ ਦਾ ਬਰੈਂਪਟਨ ਵਿਚ ਸਸਕਾਰ ਕੀਤਾ ਗਿਆ। ਬੇਸ਼ਕ, ਸਰੀਰਕ ਤੌਰ ਤੇ ਜਸਵਿੰਦਰ ਲੇਲਣਾ ਸਾਥੋਂ ਦੂਰ ਚਲੇ ਗਏ ਹਨ ਪਰ ਉਹ ਹਮੇਸ਼ਾ ਆਪਣੇ ਸਾਥੀਆਂ ਅਤੇ ਚਾਹੁਣ ਵਾਲਿਆਂ ਦੇ ਚੇਤਿਆਂ ਵਿਚ ਵੱਸੇ ਰਹਿਣਗੇ।
1962 ਵਿਚ ਮੋਗਾ ਜ਼ਿਲਾ ਦੇ ਪਿੰਡ ਗੱਜਣਵਾਲਾ ਵਿਚ ਜਨਮੇਂ ਜਸਵਿੰਦਰ ਸਿੰਘ ਲੇਲਣਾ ਪਰਿਵਾਰ ਦੇ ਆਪਣੇ ਪੰਜ ਭਰਾਵਾਂ ਤੇ ਤਿੰਨ ਭੈਣਾਂ ਵਿੱਚੋਂ ਚੌਥੇ ਨੰਬਰ ਤੇ ਸਨ। ਬਚਪਨ ਵਿਚ ਪ੍ਰਚੱਲਤ ਰਿਹਾ ਨਿੱਕਾ ਨਾਂ ਕਾਕਾ 58 ਸਾਲ ਦੀ ਉਮਰ ਤੱਕ ਉਨ੍ਹਾਂ ਨਾਲ ਓਸੇ ਤਰ੍ਹਾਂ ਹੀ ਜੁੜਿਆ ਰਿਹਾ। ਉਨ੍ਹਾਂ ਦੇ ਵੱਡੇ ਭਰਾ ਬਲਜਿੰਦਰ ਲੇਲਣਾ ਅਤੇ ਵੱਡੇ ਭੈਣ-ਭਰਾਵਾਂ ਨੇ ਤਾਂ ਉਨ੍ਹਾਂ ਨੂੰ ਇਸ ਨਾਂ ਨਾਲ ਬੁਲਾਉਣਾ ਹੀ ਸੀ, ਪਰ ਉਨ੍ਹਾਂ ਦੇ ਦੋਸਤ-ਮਿੱਤਰ ਵੀ ਉਨ੍ਹਾਂ ਨੂੰ ਏਸੇ ਨਾਂ ਕਾਕਾ ਲੇਲਣਾ ਨਾਲ ਹੀ ਸੰਬੋਧਨ ਕਰਦੇ ਸਨ। ਉਹ 1989 ਵਿਚ ਇੱਥੇ ਕੈਨੇਡਾ ਆਏ ਅਤੇ ਪਹਿਲਾਂ ਫ਼ੈਕਟਰੀਆਂ ਤੇ ਵੱਡੇ ਗੁਦਾਮਾਂ ਵਿਚ ਕੁਝ ਸਮਾਂ ਸਖ਼ਤ ਮਿਹਨਤ ਕਰ ਤੋਂ ਬਾਅਦ ਟਰੱਕ-ਡਰਾਈਵਰੀ ਦੇ ਕਿੱਤੇ ਵੱਲ ਆਏ ਅਤੇ ਅਖ਼ੀਰ ਤੱਕ ਇਸ ਦੇ ਨਾਲ ਜੁੜੇ ਰਹੇ।
ਬਰੈਂਪਟਨ ਵਿਚ ਪਿਛਲੇ ਸੱਤ-ਅੱਠ ਸਾਲ ਤੋਂ ਵਿਚਰ ਰਹੀ ਟੀ.ਪੀ.ਏ.ਆਰ. ਕਲੱਬ ਦੇ ਉਹ ਸਰਗ਼ਰਮ ਮੈਂਬਰ ਸਨ। ਟਰੱਕ-ਡਰਾਈਵਰੀ ਦੇ ਆਪਣੇ ਪੇਸ਼ੇ ਵਿੱਚੋਂ ਵਿਹਲ ਕੱਢ ਕੇ ਉਹ ਇਸ ਕਲੱਬ ਦੀਆਂ ਸਰਗ਼ਰਮੀਆਂ ਵਿਚ ਭਰਪੂਰ ਹਿੱਸਾ ਲੈਂਦੇ ਸਨ। ਜਦੋਂ ਟਰੱਕ ਵਿਚ ਉਹ ਬਰੈਂਪਟਨ ਤੋਂ ਕਿਧਰੇ ਦੂਰ-ਦੁਰਾਢੇ ਗਏ ਹੁੰਦੇ ਤਾਂ ਵੀ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ। ਕਲੱਬ ਲਈ ਲੋੜੀਂਦੇ ਫ਼ੰਡ ਇਕੱਤਰ ਕਰਨ ਵਿਚ ਉਹ ਸੱਭ ਤੋਂ ਅੱਗੇ ਹੁੰਦੇ। ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਦਾ ਘੇਰਾ ਏਨਾ ਵਿਸ਼ਾਲ ਸੀ ਕਿ ਅੱਜ ਉਨ੍ਹਾਂ ਦੇ ਅਚਾਨਕ ਇਸ ਬੀਮਾਰੀ ਨਾਲ ਲੜਦਿਆਂ ਹੋਇਆਂ ਸਵਰਗ ਸਿਧਾਰ ਜਾਣ ਨਾਲ ਸਾਰੇ ਦੋਸਤ ਵੱਟਸੈਪ, ਫੇਸਬੁੱਕ ਤੇ ਹੋਰ ਸੋਸ਼ਲ-ਮੀਡੀਆ ਗਰੁੱਪਾਂ ਵਿਚ ਦੁਖ ਤੇ ਅਫ਼ਸੋਸ ਦੇ ਸੁਨੇਹੇ ਸ਼ੇਅਰ ਕਰਕੇ ਆਪਣੀਆਂ ਦੁੱਖਦ-ਭਾਵਨਾਵਾਂ ਪ੍ਰਗਟ ਕਰ ਰਹੇ ਹਨ। ਉਹ ‘ਕਾਕਾ ਲੇਲਣਾ’ ਦੇ ਪਰਿਵਾਰ ਦੇ ਮੁਖੀ ਮੈਂਬਰ ਬਰੈਂਪਟਨ ਦੀ ਸਤਿਕਾਰਤ ਸ਼ਖ਼ਸੀਅਤ ਬਲਜਿੰਦਰ ਲੇਲਣਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰ ਰਹੇ ਹਨ।
ਜਸਵਿੰਦਰ ਸਿੰਘ ਉਰਫ਼ ਕਾਕਾ ਲੇਲਣਾ ਆਪਣੇ ਪਿੱਛੇ ਬਜ਼ੁਰਗ ਮਾਤਾ ਜੀ, ਪਤਨੀ, ਬੇਟਾ ਤੇ ਬੇਟੀ ਇਹ ਭਾਰੀ ਸਦਮਾ ਸਹਿਣ ਲਈ ਛੱਡ ਗਏ ਹਨ। ਪ੍ਰਮਾਤਮਾ ਉਨ੍ਹਾਂ ਦੀ ਵਿੱਛੜੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਦੇ ਸਮੂਹ ਮੈਂਬਰਾਂ ਨੂੰ ਇਹ ਭਾਣਾ ਮੰਨਣ ਦਾ ਮਲ ਬਖ਼ਸ਼ੇ।