ਵਾਸ਼ਿੰਗਟਨ, 29 ਅਗਸਤ
ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਉਮੀਦਵਾਰ ਤੇ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਸੰਕੇਤ ਕੀਤਾ ਹੈ ਕਿ ਜੇ ਉਹ 2024 ਵਿਚ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਜਿੱਤਦੇ ਹਨ ਤਾਂ ਐਲਨ ਮਸਕ ਨੂੰ ਆਪਣੇ ਪ੍ਰਸ਼ਾਸਨ ਵਿਚ ਸਲਾਹਕਾਰ ਰੱਖਣਾ ਚਾਹੁਣਗੇ। ਰਾਮਾਸਵਾਮੀ (38) ਨੇ ਇਹ ਟਿੱਪਣੀਆਂ ਆਇਓਵਾ ਦੇ ਇਕ ਟਾਊਨ ਹਾਲ ਵਿਚ ਉਦੋਂ ਕੀਤੀਆਂ ਜਦੋਂ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਦੀ ਸੂਰਤ ਵਿਚ ਸਲਾਹਕਾਰਾਂ ਬਾਰੇ ਸਵਾਲ ਪੁੱਛਿਆ ਗਿਆ। ਦੱਸਣਯੋਗ ਹੈ ਕਿ ਪਿਛਲੇ ਸਾਲ ਮਸਕ ਵੱਲੋਂ ਟਵਿੱਟਰ ਵਿਚ ਵੱਡੇ ਪੱਧਰ ਉਤੇ ਕੀਤੀ ਛਾਂਟੀ ਦੀ ਰਾਮਾਸਵਾਮੀ ਨੇ ਸਿਫ਼ਤ ਕੀਤੀ ਸੀ। ਦੂਜੀ ਪੀੜ੍ਹੀ ਦੇ ਭਾਰਤੀ-ਅਮਰੀਕੀ ਰਾਮਾਸਵਾਮੀ ਨੇ 2014 ਵਿਚ ਰੋਇਵੈਂਟ ਸਾਇੰਸਿਜ਼ ਦੀ ਨੀਂਹ ਰੱਖੀ ਸੀ, ਤੇ ਸੰਨ 2015 ਅਤੇ 2016 ਵਿਚ ਦੁਨੀਆ ਦੇ ਸਭ ਤੋਂ ਵੱਡੇ ਬਾਇਓਟੈੱਕ ਆਈਪੀਓਜ਼ ਦੀ ਅਗਵਾਈ ਕੀਤੀ। ਕੰਪਨੀ ਨੇ ਕਈ ਬੀਮਾਰੀਆਂ ਦੇ ਖੇਤਰ ਵਿਚ ਕਲੀਨਿਕਲ ਟਰਾਇਲ ਕੀਤੇ ਤੇ ਸਫ਼ਲਤਾ ਨਾਲ ਐਫਡੀਏ ਵੱਲੋਂ ਪ੍ਰਵਾਨਿਤ ਉਤਪਾਦ ਲਾਂਚ ਕੀਤੇ। ਉਹ 40 ਸਾਲਾਂ ਤੋਂ ਘੱਟ ਉਮਰ ਦੇ ਬੇਹੱਦ ਅਮੀਰ ਅਮਰੀਕੀਆਂ ਵਿਚੋਂ ਇਕ ਹਨ। ਗੌਰਤਲਬ ਹੈ ਕਿ ਮਸਕ ਸਪੇਸ ਐਕਸ, ਟੈਸਲਾ ਤੇ ਐਕਸ (ਪਹਿਲਾਂ ਟਵਿੱਟਰ) ਦੇ ਮਾਲਕ ਹਨ ਤੇ ਅਰਬਪਤੀ ਕਾਰੋਬਾਰੀ ਹਨ। ਰਾਮਾਸਵਾਮੀ ਇਸ ਤੋਂ ਪਹਿਲਾਂ ਮਸਕ ਵੱਲੋਂ ਟਵਿੱਟਰ ਨੂੰ ਚਲਾਉਣ ਦੇ ਢੰਗ ਦੀ ਵੀ ਪ੍ਰਸ਼ੰਸਾ ਕਰ ਚੁੱਕੇ ਹਨ, ਤੇ ਉਨ੍ਹਾਂ ਕਿਹਾ ਸੀ ਕਿ ਜਿਸ ਤਰ੍ਹਾਂ ਮਸਕ ਕੰਪਨੀ ਚਲਾਉਂਦੇ ਹਨ, ਉਹ ਵੀ ਉਸੇ ਤਰ੍ਹਾਂ ਸਰਕਾਰ ਚਲਾਉਣਾ ਚਾਹੁੰਦੇ ਹਨ। ਐੱਨਬੀਸੀ ਦੀ ਰਿਪੋਰਟ ਮੁਤਾਬਕ ਰਾਮਾਸਵਾਮੀ ਸਿੱਖਿਆ ਵਿਭਾਗ ਤੇ ਐਫਬੀਆਈ, ਬਿਊਰੋ ਆਫ- ਅਲਕੋਹਲ, ਤੰਬਾਕੂ, ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਆਦਿ ਨੂੰ ਬੰਦ ਕਰਨ ਦਾ ਪੱਖ ਪੂਰ ਚੁੱਕੇ ਹਨ।