ਕੁਆਲਾਲੰਪੁਰ, 5 ਸਤੰਬਰ

ਮਲੇਸ਼ੀਆ ਦੀ ਇਕ ਅਦਾਲਤ ਨੇ ਮੁਲਕ ਦੇ ਉਪ ਪ੍ਰਧਾਨ ਮੰਤਰੀ ਅਹਿਮਦ ਜ਼ਹੀਦ ਹਮੀਦੀ ’ਤੇ ਲੱਗੇ ਭ੍ਰਿਸ਼ਟਾਚਾਰ ਦੇ 47 ਦੋਸ਼ ਖਾਰਜ ਕਰ ਦਿੱਤੇ ਹਨ। ਵੇਰਵਿਆਂ ਮੁਤਾਬਕ ਇਸਤਗਾਸਾ ਧਿਰ ਨੇ ਸੁਣਵਾਈ ਦੌਰਾਨ ਹੀ ਅਚਾਨਕ ਦੋਸ਼ ਵਾਪਸ ਲੈ ਲਏ ਹਨ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਜ਼ਹੀਦ ਨੇ ਕਿਹਾ ਕਿ ਹਾਈ ਕੋਰਟ ਨੇ ਇਸਤਗਾਸਾ ਧਿਰ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ ਪਰ ਉਸ ਨੂੰ ਪੂਰੀ ਤਰ੍ਹਾਂ ਦੋਸ਼ਾਂ ਤੋਂ ਬਰੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਦੋਸ਼ ਮੁੜ ਵੀ ਲਾਏ ਜਾ ਸਕਦੇ ਹਨ। ਹਾਲਾਂਕਿ ਉਪ ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਕਿ ਉਹ ‘ਸਿਆਸਤ ਤੋਂ ਪ੍ਰੇਰਿਤ ਦੋਸ਼ਾਂ ਦੇ ਖਾਰਜ ਹੋਣ ’ਤੇ ਖ਼ੁਸ਼ ਹਨ।’ ਦੱਸਣਯੋਗ ਹੈ ਕਿ ਜ਼ਹੀਦ ਯੂਨਾਈਟਿਡ ਮਾਲੇਜ਼ ਨੈਸ਼ਨਲ ਆਰਗੇਨਾਈਜ਼ੇਸ਼ਨ ਪਾਰਟੀ ਦੀ ਅਗਵਾਈ ਕਰਦੇ ਹਨ ਤੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੀ ਸਰਕਾਰ ਬਣਾਉਣ ਵਿਚ ਇਸ ਦਾ ਅਹਿਮ ਯੋਗਦਾਨ ਹੈ। ਪਿਛਲੇ ਸਾਲ ਹੋਈਆਂ ਚੋਣਾਂ ਵਿਚ ਕਿਸੇ ਵੀ ਧਿਰ ਨੂੰ ਬਹੁਮਤ ਨਹੀਂ ਮਿਲਿਆ ਸੀ। ਜ਼ਹੀਦ ਖ਼ਿਲਾਫ਼ ਦੋਸ਼ ਖਾਰਜ ਹੋਣ ਨਾਲ ਅਨਵਰ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਰੁਖ਼ ਨੂੰ ਹੋਰ ਧੱਕਾ ਲੱਗ ਸਕਦਾ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਜ਼ਹੀਦ ਨੇ ਅਨਵਰ ਨੂੰ ਇਸ ਲਈ ਹਮਾਇਤ ਦਿੱਤੀ ਸੀ ਤਾਂ ਕਿ ਉਸ ਵਿਰੁੱਧ ਲੱਗੇ ਦੋਸ਼ ਰੱਦ ਹੋ ਸਕਣ।