ਕੁਆਲਾਲੰਪੁਰ:ਭਾਰਤ ਦੇ ਤਜਰਬੇਕਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਸੀਜ਼ਨ ਦੇ ਪਹਿਲੇ ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਏ। ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸਾਇਨਾ ਨੂੰ ਚੀਨ ਦੀ ਹਾਨ ਯੂਈ ਨੇ 12-21, 21-17, 12-21 ਨਾਲ ਹਰਾਇਆ। ਸੱਟ ਅਤੇ ਖਰਾਬ ਲੈਅ ਕਾਰਨ ਸਾਇਨਾ ਪਿਛਲੇ ਸਾਲ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਪਹਿਲਾ ਮੈਚ ਹਾਰਨ ਤੋਂ ਬਾਅਦ ਸਾਇਨਾ ਦਰਾਜਬੰਦੀ ਵਿੱਚ ਵੀ 30ਵੇਂ ਸਥਾਨ ’ਤੇ ਖਿਸਕ ਗਈ ਹੈ। ਇਸੇ ਤਰ੍ਹਾਂ ਸ੍ਰੀਕਾਂਤ ਨੂੰ ਜਾਪਾਨ ਦੇ ਕੇਂਤਾ ਨਿਸ਼ੀਮੋਟੋ ਨੇ 19-21, 14-21 ਨਾਲ ਹਰਾਇਆ। ਖ਼ਰਾਬ ਲੈਅ ਨਾਲ ਜੂਝ ਰਿਹਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸ੍ਰੀਕਾਂਤ 42 ਮਿੰਟਾਂ ਵਿੱਚ ਹਾਰ ਗਿਆ। ਪਹਿਲੀ ਗੇਮ ਵਿੱਚ ਉਸ ਨੇ ਸਖ਼ਤ ਟੱਕਰ ਦਿੱਤੀ ਪਰ ਨਿਸ਼ੀਮੋਟੋ ਨੇ ਬਿਹਤਰ ਖੇਡਦਿਆਂ ਲੀਡ ਲੈ ਲਈ। ਦੂਜੇ ਗੇਮ ਵਿੱਚ ਸਕੋਰ ਇੱਕ ਵੇਲੇ 12-12 ਨਾਲ ਬਰਾਬਰ ਸੀ ਪਰ ਉਸ ਮਗਰੋਂ ਜਾਪਾਨੀ ਖਿਡਾਰੀ ਨੇ ਕੋਈ ਮੌਕਾ ਖੁੰਝਣ ਨਹੀਂ ਦਿੱਤਾ। ਆਕਰਸ਼ੀ ਕਸ਼ਯਪ ਵੀ ਚੀਨੀ ਤੈਪਈ ਦੀ ਵੇਨ ਵੇਨ ਚੀ ਸੂ ਤੋਂ 10-21, 8-21 ਨਾਲ ਹਾਰ ਕੇ ਪਹਿਲੇ ਗੇੜ ’ਚੋਂ ਬਾਹਰ ਹੋ ਗਈ ਹੈ।