ਐਂਟਵਰਪ (ਬੈਲਜੀਅਮ), ਸਾਬਕਾ ਅੱਵਲ ਨੰਬਰ ਖਿਡਾਰੀ ਐਂਡੀ ਮਰੇ ਨੇ ਢਾਈ ਸਾਲ ਵਿੱਚ ਪਹਿਲੀ ਵਾਰ ਕਿਸੇ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਉਸ ਨੇ ਜਿੱਤ ਮਗਰੋਂ ਕਿਹਾ ਕਿ ਇਹ ‘ਹੈਰਾਨੀਜਨਕ’ ਰਿਹਾ। ਮਰੇ ਨੇ ਜਨਵਰੀ ਵਿੱਚ ਸਰਜਰੀ ਕਰਵਾਉਣ ਮਗਰੋਂ ਸਿੰਗਲਜ਼ ਵਿੱਚ ਤੇਜ਼ੀ ਨਾਲ ਵਾਪਸੀ ਕੀਤੀ ਹੈ। ਉਸ ਨੇ ਫਰਾਂਸ ਦੇ ਯੂਗੋ ਹੰਬਰਟ ਨੂੰ 3-6, 7-5, 6-2 ਨਾਲ ਸ਼ਿਕਸਤ ਦੇ ਕੇ ਯੂਰੋਪੀਅਨ ਓਪਨ ਦੇ ਫਾਈਨਲ ਵਿੱਚ ਥਾਂ ਪੱਕੀ ਕੀਤੀ।
ਮਰੇ ਨੇ ਜਿੱਤ ਮਗਰੋਂ ਐਮਾਜ਼ੋਨ ਪ੍ਰਾਈਮ ਨੂੰ ਕਿਹਾ, ‘‘ਇਹ ਮੇਰੇ ਲਈ ਵੱਡੀ ਹੈਰਾਨੀ ਵਾਲੀ ਗੱਲ ਹੈ। ਮੈਂ ਫਾਈਨਲ ਵਿੱਚ ਪਹੁੰਚ ਕੇ ਬਹੁਤ ਖ਼ੁਸ਼ ਹਾਂ।’’ ਮਰੇ ਦੀ ਫਾਈਨਲ ਵਿੱਚ ਟੱਕਰ ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਸਟੈਨ ਵਾਵਰਿੰਕਾ ਨਾਲ ਹੋਵੇਗੀ। ਮਰੇ ਨੇ ਕਿਹਾ, ‘‘ਇਸ ਮੁਕਾਮ ’ਤੇ ਪਹੁੰਚਣ ਲਈ ਮੈਂ ਲੰਮਾ ਰਸਤਾ ਤੈਅ ਕੀਤਾ ਹੈ। ਗੇਮ ਮੁੜ ਸ਼ੁਰੂ ਕਰਨ ਮਗਰੋਂ ਮੈਂ ਏਨੀ ਛੇਤੀ ਇਸ ਦੀ ਉਮੀਦ ਨਹੀਂ ਕੀਤੀ ਸੀ।’’ 243ਵਾਂ ਦਰਜਾ ਪ੍ਰਾਪਤ ਮਰੇ ਇਸ ਤੋਂ ਪਹਿਲਾਂ ਮਾਰਚ 2017 ਦੌਰਾਨ ਦੁਬਈ ਵਿੱਚ ਫਾਈਨਲ ’ਚ ਪਹੁੰਚਿਆ ਸੀ। ਇਸ ਬ੍ਰਿਟਿਸ਼ ਖਿਡਾਰੀ ਦੇ ਅਗਸਤ ਮਹੀਨੇ ਸਿਨਸਿਨਾਟੀ ਰਾਹੀਂ ਸਿੰਗਲਜ਼ ਵਿੱਚ ਵਾਪਸੀ ਕਰਨ ਮਗਰੋਂ ਬੀਤੇ ਚਾਰ ਹਫ਼ਤੇ ਸਫਲ ਰਹੇ ਹਨ। ਮਰੇ ਦਾ ਸਵਿੱਸ ਖਿਡਾਰੀ ਵਾਵਰਿੰਕਾ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 11-8 ਹੈ। ਵਾਵਰਿੰਕਾ ਨੇ ਇਸ ਤੋਂ ਪਹਿਲਾਂ 18 ਸਾਲਾ ਇਤਾਲਵੀ ਖਿਡਾਰੀ ਜੈਨਿਕ ਸਿੱਨਰ ਨੂੰ 6-3, 6-2 ਨਾਲ ਹਰਾ ਕੇ ਆਪਣੇ 30ਵੇਂ ਫਾਈਨਲ ਵਿੱਚ ਥਾਂ ਬਣਾਈ। ਸਿੱਨਰ, 17 ਸਾਲ ਦੇ ਬੋਰਨਾ ਕੌਰਿਕ (2014) ਮਗਰੋਂ ਏਟੀਪੀ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਪਹੁੰਚਣ ਵਾਲਾ ਛੋਟੀ ਉਮਰ ਦਾ ਦੂਜਾ ਖਿਡਾਰੀ ਹੈ।