ਨਿਊਯਾਰਕ: ਸਕਾਟਲੈਂਡ ਦੇ ਟੈਨਿਸ ਖਿਡਾਰੀ ਅਤੇ ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਐਂਡੀ ਮਰੇ ਨੇ ਸਿੰਗਲਜ਼ ਮੁਕਾਬਲਿਆਂ ਵਿੱਚ ਲੰਮੇ ਸਮੇਂ ਮਗਰੋਂ ਪਹਿਲੀ ਜਿੱਤ ਦਰਜ ਕੀਤੀ। ਉਸ ਨੇ ਦੂਜੇ ਪੱਧਰ ਦੇ ਚੈਲੰਜਰ ਟੂਰਨਾਮੈਂਟ ਵਿੱਚ ਫਰਾਂਸ ਦੇ 17 ਸਾਲ ਦੇ ਇਮਰਾਨ ਸਿਬਿੱਲੇ ਨੂੰ ਇਕਤਰਫ਼ਾ ਮੁਕਾਬਲੇ ਵਿੱਚ 6-0, 6-1 ਨਾਲ ਹਰਾਇਆ। ਜਨਵਰੀ ਵਿੱਚ ਆਸਟਰੇਲਿਆਈ ਓਪਨ ਦੇ ਪਹਿਲੇ ਗੇੜ ਵਿੱਚ ਬਾਹਰ ਹੋਣ ਮਗਰੋਂ ਮਰੇ ਨੇ ਦੂਜੀ ਵਾਰ ਸਰਜਰੀ ਕਰਵਾਈ ਸੀ। ਇਸ ਮਗਰੋਂ ਉਸ ਨੇ ਜੂਨ ਵਿੱਚ ਕੁਈਨਜ਼ ਟੂਰਨਾਮੈਂਟ ਵਿੱਚ ਡਬਲਜ਼ ਮੁਕਾਬਲਿਆਂ ਨਾਲ ਟੈਨਿਸ ਵਿੱਚ ਵਾਪਸੀ ਕੀਤੀ। ਲੰਘੇ ਮਹੀਨੇ ਸਿਨਸਿਨਾਟੀ ਓਪਨ ਵਿੱਚ ਉਸ ਨੇ ਵਾਪਸੀ ਮਗਰੋਂ ਪਹਿਲਾ ਸਿੰਗਲਜ਼ ਮੁਕਾਬਲਾ ਖੇਡਿਆ ਸੀ, ਜਿੱਥੇ ਰਿਚਰਡ ਗਾਸਕੇਟ ਨੇ ਉਸ ਨੂੰ ਸਿੱਧੇ ਸੈੱਟਾਂ ਵਿੱਚ ਸ਼ਿਕਸਤ ਦਿੱਤੀ ਸੀ।