ਨਵੀਂ ਦਿੱਲੀ, 29 ਅਕਤੂਬਰ

ਮਰਹੂਮ ਅਦਾਕਾਰ ਓਮ ਪੁਰੀ ਦਾ ਬੋਸਟਨ ਦੇ ਭਾਰਤ ਕੌਮਾਂਤਰੀ ਫਿਲਮ ਮੇਲੇ (ਆਈਆਈਐੱਫਐੱਫਬੀ 2020) ਵਿੱਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਇਹ ਪੁਰਸਕਾਰ ਊਨ੍ਹਾਂ ਦੀ ਪਤਨੀ ਨੰਦਿਤਾ ਪੁਰੀ ਨੇ ਪ੍ਰਾਪਤ ਕੀਤਾ। 

ਇਸ ਫਿਲਮ ਮੇਲੇ ਵਿੱਚ ਮਲਿਆਲਮ ਫਿਲਮ ‘ਕਾਂਥੀ’ ਨੇ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ। ਇਸ ਫਿਲਮ ਵਿੱਚ ਇੱਕ ਮਾਂ ਆਪਣੀ ਨੇਤਰਹੀਣ ਕਬਾਇਲੀ ਬੱਚੀ ਦਾ ਇਲਾਜ ਕਰਾਊਣ ਦੀਆਂ ਕੋਸ਼ਿਸ਼ਾਂ ਕਰਦੀ ਹੈ। ਇਸ ਵਿੱਚ ਮਾਂ-ਧੀ ਦੇ ਰਿਸ਼ਤੇ ਦਾ ਨਿੱਘ ਅਤੇ ਅਫਸਰਸ਼ਾਹੀ ਦੇ ਅੜਿੱਕਿਆਂ ਨੂੰ ਬਾਖੂਬੀ ਬਿਆਨਿਆ ਗਿਆ ਹੈ। ਫਿਲਮ ਮੇਲੇ ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਵਿਕਟਰ ਬੈਨਰਜੀ ਨੂੰ ਫਿਲਮ ‘ਜੋਸਫ: ਬੌਰਨ ਇਨ ਗ੍ਰੇਸ’ ਵਿੱਚ ਪਾਦਰੀ ਦਾ ਕਿਰਦਾਰ ਨਿਭਾਊਣ ਬਦਲੇ ਦਿੱਤਾ ਗਿਆ। 

ਸਰਵੋਤਮ ਅਦਾਕਾਰਾ ਦਾ ਪੁਰਸਕਾਰ ਸ਼ੈਲਜਾ ਅੰਬੂ ਨੇ ਫਿਲਮ ‘ਕਾਂਥੀ’ ਵਿੱਚ ਨਿਭਾਈ ਮਾਂ ਦੀ ਭੂਮਿਕਾ ਲਈ ਜਿੱਤਿਆ। ਇਹ ਅਮਰੀਕਾ ਦੇ ਬੋਸਟਨ ਵਿੱਚ ਹੋਣ ਵਾਲਾ ਇਹ ਫਿਲਮ ਮੇਲਾ ਇਸ ਵਰ੍ਹੇ 16 ਅਕਤੂਬਰ ਤੋਂ 18 ਅਕਤੂਬਰ ਤੱਕ ਵਰਚੁਅਲ ਮਾਧਿਅਮਾਂ ਰਾਹੀਂ ਨੇਪਰੇ ਚੜ੍ਹਿਆ।