ਮੰਦੋੜ ਦੇ ਨੇੜਲੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਨਸ਼ੇ ਨੇ 4 ਘਰਾਂ ‘ਚ ਸੱਥਰ ਵਿਛਾ ਦਿੱਤੇ ਹਨ। ਨਸ਼ਿਆਂ ਦੀ ਦਲਦਲ ਵਿੱਚ ਫਸੇ ਚਾਰ ਨੌਜਵਾਨਾਂ ਦੀਆਂ ਮੌਤਾਂ ਹੋ ਜਾਣ ਨਾਲ ਇਲਾਕੇ ਵਿੱਚ ਸਹਿਮ ਪੈਦਾ ਹੋ ਗਿਆ ਹੈ। ਇੱਕ ਕੱਲ੍ਹ ਅਤੇ ਅੱਜ ਸਵੇਰੇ ਤਿੰਨ ਮੌਤਾਂ ਨਾਲ ਘਰਾਂ ਵਿੱਚ ਸੱਥਰ ਵਿਛ ਗਏ ਹਨ ਅਤੇ ਕੀਰਨੇ ਪੈ ਰਹੇ ਹਨ।

ਜਾਣਕਾਰੀ ਮੁਤਾਬਕ ਪਿੰਡ ਵਿੱਚ ਨਸ਼ੇ ਦਾ ਜਾਲ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਕਾਫੀ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ। ਇਸ ਦਲਦਲ ਵਿੱਚ ਫਸੇ ਹੋਏ ਨੌਜਵਾਨਾਂ ਚੋਂ ਅੱਜ ਤਿੰਨ ਨੌਜਵਾਨਾਂ ਦੀ ਸਵੇਰੇ ਮੌਤ ਹੋ ਗਈ ਅਤੇ ਇਸੇ ਤਰ੍ਹਾਂ ਕੱਲ ਵੀ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਲਗਾਤਾਰ ਦੋ ਦਿਨਾਂ ਵਿੱਚ ਹੋਈਆਂ ਚਾਰ ਨੌਜਵਾਨਾਂ ਦੀਆਂ ਮੌਤਾਂ ਨੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਹੈ।

ਮ੍ਰਿਤਕ ਨੌਜਵਾਨ ਰਮਨ ਸਿੰਘ (26) ਦੇ ਪਿਤਾ ਬਚਿੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਗੁਆਂਡ ਵਿੱਚ ਰਹਿਣ ਵਾਲੇ ਮ੍ਰਿਤਕ ਮੈਦੂ ਸਿੰਘ ਪੁੱਤਰ ਮੁਖਤਿਆਰ ਸਿੰਘ ਨਸ਼ੇ ਦੀ ਡੂੰਘੀ ਦਲਦਲ ਵਿੱਚ ਇੰਨਾ ਜ਼ਿਆਦਾ ਫਸ ਚੁੱਕਿਆ ਸੀ ਕਿ ਘਰ ਦੇ ਉਸ ਨੇ ਬੂਹੇ ਬਾਰੀਆਂ ਰੋਸ਼ਨਦਾਨ ਅਤੇ ਵਿਹੜੇ ਵਿੱਚ ਉੱਗੇ ਦਰੱਖਤ ਵੀ ਵੇਚ ਦਿੱਤੇ ਸਨ। ਘਰ ਵਿੱਚ ਗਰੀਬੀ ਪੈਦਾ ਹੋ ਜਾਣ ਕਾਰਨ ਪਤਨੀ ਅਤੇ ਬੱਚੇ ਵੀ ਛੱਡ ਕੇ ਚਲੇ ਗਏ ਸਨ ਅਤੇ ਇਕੱਲਾ ਰਹਿ ਰਿਹਾ ਸੀ ਜਿਸ ਦੀ ਅੱਜ ਸਵੇਰੇ ਮੌਤ ਹੋ ਗਈ।
ਤੀਸਰੇ ਨੌਜਵਾਨ ਰੱਜਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਨਸ਼ਾ ਬੜੀ ਤੇਜ਼ੀ ਦੇ ਨਾਲ ਇਲਾਕੇ ਅੰਦਰ ਫੈਲ ਚੁੱਕਾ ਹੈ, ਜਿਸ ਨੂੰ ਰੋਕਣਾ ਪੁਲਿਸ ਦੇ ਲਈ ਬਹੁਤ ਔਖਾ ਹੋ ਚੁੱਕਾ ਹੈ। ਉਸ ਨੇ ਪੁੱਤਰ ਦੀ ਲਾਸ਼ ਉੱਪਰ ਰੋਂਦੇ ਹੋਏ ਕਿਹਾ ਕਿ ਸਾਡਾ ਪਰਿਵਾਰ ਦਾ ਸਹਾਰਾ ਤਾਂ ਚਲੇ ਗਿਆ ਹੈ ਪਰ ਪਿੰਡ ਦੇ ਹੋਰ ਨੌਜਵਾਨ ਮੌਤ ਦੇ ਮੂੰਹ ਵਿੱਚ ਜਾਨ ਤੋਂ ਪੁਲਿਸ ਨੂੰ ਰੋਕਣ ਲਈ ਬੇਹੱਦ ਜਿਆਦਾ ਸਖਤੀ ਕਰਨੀ ਚਾਹੀਦੀ ਹੈ। ਨਸ਼ੇ ਕਾਰਨ ਕੱਲ੍ਹ ਜਾਨ ਗੁਆਉਣ ਵਾਲੇ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਪੁੱਤਰ ਵੀਰ ਸਿੰਘ ਵਜੋਂ ਹੋਈ ਹੈ।