ਮੁੰਬਈ:ਬੌਲੀਵੁੱਡ ਅਦਾਕਾਰ ਮਨੋਜ ਬਾਜਪਾਈ ਦੀ ਫਿਲਮ ‘ਬੰਦਾ’ ਓਟੀਟੀ ’ਤੇ ਰਿਲੀਜ਼ ਹੋਵੇਗੀ। ਇਹ ਮਨੋਜ ਦੀ ਓਟੀਟੀ ’ਤੇ ਰਿਲੀਜ਼ ਹੋਣ ਵਾਲੀ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਮਨੋਜ ਦੀਆਂ ਓਟੀਟੀ ਪਲੇਟਫਾਰਮ ’ਤੇ ਫਿਲਮਾਂ ‘ਸਾਇਲੈਂਸ…. ਕੈਨ ਯੂ ਹੀਅਰ ਇਟ’ ਅਤੇ ‘ਡਾਇਲ 100’ ਸਫ਼ਲ ਰਹੀਆਂ ਸਨ। ਫ਼ਿਲਮ ਬੰਦਾ ਦਾ ਪ੍ਰੀਮੀਅਰ ਜ਼ੀ5 ’ਤੇ ਕੀਤਾ ਜਾਵੇਗਾ ਜਿਸ ਦਾ ਐਲਾਨ ਜ਼ੀ5 ਨੇ ਅੱਜ ਅਦਾਕਾਰ ਦੇ 54ਵੇਂ ਜਨਮ ਦਿਨ ਮੌਕੇ ਕੀਤਾ। ਇਹ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਜਿਸ ਵਿਚ ਮਨੋਜ ਬਾਜਪਾਈ ਨੇ ਵਕੀਲ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦੇ ਨਿਰਦੇਸ਼ਕ ਅਪੂਰਵ ਸਿੰਘ ਕਾਰਕੀ ਹਨ ਜਦਕਿ ਫਿਲਮ ਦੀ ਕਹਾਣੀ ਦੀਪਕ ਕਿੰਗਰਾਨੀ ਵਲੋਂ ਲਿਖੀ ਗਈ ਹੈ। ਬਾਜਪਾਈ ਨੇ ਕਿਹਾ, ‘ ਮੈਂ ਜ਼ੀ5 ਨਾਲ ਆਪਣੇ ਤੀਜੇ ਸਹਿਯੋਗ ਦਾ ਐਲਾਨ ਕਰਕੇ ਬਹੁਤ ਖੁਸ਼ ਹਾਂ। ਮੈਂ ‘ਬੰਦਾ’ ਦੀ ਇੱਕ ਹੋਰ ਝਲਕ ਪੇਸ਼ ਕਰਨ ਲਈ ਉਤਸ਼ਾਹਿਤ ਹਾਂ ਜਿਸਦਾ ਜਲਦੀ ਹੀ ਜੀ5 ’ਤੇ ਪ੍ਰੀਮੀਅਰ ਹੋਵੇਗਾ।’