ਨਵੀਂ ਦਿੱਲੀ, ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਰਮਨੀ ਦੇ ਸ਼ਹਿਰ ਸੂਹਲ ਵਿੱਚ ਅੱਜ ਆਈਐਸਐਸਫ ਜੂਨੀਅਰ ਵਿਸ਼ਵ ਕੱਪ ਵਿੱਚ ਵਿਸ਼ਵ ਰਿਕਾਰਡ ਕਾਇਮ ਕਰਦਿਆਂ ਸੋਨ ਤਗ਼ਮਾ ਜਿੱਤਿਆ, ਜਦਕਿ ਅਨੀਸ਼ ਭਾਨਵਾਲਾ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਦੇ ਨਾਲ ਟੂਰਨਾਮੈਂਟ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਮਨੂ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ 242.5 ਦਾ ਸਕੋਰ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ, ਜਦਕਿ ਅਨੀਸ਼ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਮਨੂ ਨੇ ਆਈਐਸਐਸਐਫ ਟੂਰਨਾਮੈਂਟ ਵਿੱਚ ਇਸ ਸਾਲ ਸੱਤਵਾਂ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ ਹੈ।  ਇਹ ਤੀਜਾ ਸੋਨ ਤਗ਼ਮਾ ਹੈ, ਜੋ ਉਸ ਨੇ ਵਿਸ਼ਵ ਰਿਕਾਰਡ ਬਣਾਉਂਦਿਆਂ ਹਾਸਲ ਕੀਤਾ। ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਜਿੱਤਣ ਵਾਲੇ ਅਨੀਸ਼ ਨੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਮੁਕਾਬਲੇ ਵਿੱਚ 24 ਦਾ ਸਕੋਰ ਬਣਾਉਂਦਿਆਂ ਇਸ ਸਾਲ ਆਪਣਾ ਚੌਥਾ ਕੌਮਾਂਤਰੀ ਤਗ਼ਮਾ ਜਿੱਤਿਆ। ਭਾਰਤ ਟੂਰਨਾਮੈਂਟ ਵਿੱਚ ਹੁਣ ਤੱਕ ਨੌਂ ਤਗ਼ਮੇ, ਇੱਕ ਚਾਂਦੀ ਅਤੇ ਸੱਤ ਕਾਂਸੀ ਦੇ ਤਗ਼ਮੇ ਜਿੱਤ ਚੁੱਕਿਆ ਹੈ।