ਅਰਬ ਦੇਸ਼ਾਂ ਵਿੱਚੋਂ ਪਰਤੀਆਂ ਲੜਕੀਆਂ ਨੇ ਕੀਤੇ ਕਈ ਖ਼ੁਲਾਸੇ
ਜਲੰਧਰ : ਅਰਬ ਦੇਸ਼ਾਂ ਵਿੱਚੋਂ ਪਰਤੀਆਂ ਸੱਤ ਲੜਕੀਆਂ ਵਿੱਚੋਂ ਦੋ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਉੱਥੇ ਉਨ੍ਹਾਂ ਉੱਪਰ ਮਾਨਸਿਕ ਅਤੇ ਸਰੀਰਕ ਤਸ਼ੱਦਦ ਕੀਤਾ ਜਾਂਦਾ ਸੀ।
ਟਰੈਵਲ ਏਜੰਟ ਹੁਣ ਦਿੱਲੀ ਦੀ ਥਾਂ ਮੁੰਬਈ ਰਾਹੀਂ ਅਰਬ ਦੇਸ਼ਾਂ ਨੂੰ ਲੜਕੀਆਂ ਭੇਜਦੇ ਹਨ। ਸ੍ਰੀ ਸੀਚੇਵਾਲ ਨੇ ਇਰਾਕ ਅਤੇ ਮਸਕਟ ਵਿੱਚੋਂ ਆਈਆਂ ਲੜਕੀਆਂ ਦੀਆਂ ਤਕਲੀਫ਼ਾਂ ਸੁਣਨ ਮਗਰੋਂ ਮੋਗਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਪੀੜਤ ਲੜਕੀਆਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਨ। ਸ੍ਰੀ ਸੀਚੇਵਾਲ ਨੇ ਕਿਹਾ ਕਿ ਜਦੋਂ ਤੱਕ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਮਨੁੱਖੀ ਤਸਕਰੀ ਨੂੰ ਠੱਲ੍ਹ ਨਹੀਂ ਪੈ ਸਕਦੀ ਹੈ।
ਓਮਾਨ ਤੋਂ ਪਰਤੀ ਮੋਗਾ ਜ਼ਿਲ੍ਹੇੇ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਇਮਰਾਨ ਨਾਂ ਦੇ ਏਜੰਟ ਵੱਲੋਂ ਲੜਕੀਆਂ ਨੂੰ ਉੱਥੇ ਸੱਦ ਕੇ ਫਸਾਇਆ ਜਾ ਰਿਹਾ ਹੈ। ਪੀੜਤ ਲੜਕੀਆਂ ਨੂੰ ਕੰਮ ’ਤੇ ਭੇਜਣ ਦੀ ਬਜਾਇ ਉੱਥੇ ਤਸ਼ਦੱਦ ਕੀਤਾ ਜਾਂਦਾ ਹੈ।
ਉਸ ਨੇ ਦੱਸਿਆ ਕਿ ਏਜੰਟ ਵੱਲੋਂ ਉਸ ਨਾਲ ਉੱਥੇ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਜਬਰਨ ਦੋ ਹੋਰ ਲੜਕੀਆਂ ਨੂੰ ਸੱਦਣ ਲਈ ਦਬਾਅ ਪਾਇਆ ਗਿਆ। ਉਸ ਨੇ ਖ਼ੁਲਾਸਾ ਕੀਤਾ ਕਿ ਉਸ ਨੂੰ ਅਤੇ ਉਸ ਨਾਲ ਇੱਕ ਹੋਰ ਲੜਕੀ ਨੂੰ ਉਸ ਦੇ ਪਿੰਡ ਦੀ ਹੀ ਰਹਿਣ ਵਾਲੀ ਇੱਕ ਲੜਕੀ ਨੇ ਬਿਊਟੀ ਪਾਰਲਰ ਦਾ ਕੰਮ ਬਾਰੇ ਆਖ ਕੇ ਉੱਥੇ ਸੱਦਿਆ ਸੀ।
ਇਰਾਕ ਤੋਂ ਪਰਤੀ ਮੋਗੇ ਦੀ ਰਹਿਣ ਵਾਲੀ ਲੜਕੀ ਨੇ ਦਿਲ ਕੰਬਾਊਂ ਖ਼ੁਲਾਸੇ ਕਰਦੇ ਹੋਏ ਕਿਹਾ ਕਿ ਉੱਥੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਗੰਭੀਰ ਬਿਮਾਰੀ ਤੋਂ ਪੀੜਤ ਆਪਣੀ ਧੀ ਦੇ ਇਲਾਜ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਵਿਦੇਸ਼ ਗਈ ਸੀ। ਉੱਥੇ ਉਸ ਨੂੰ ਅੱਗੇ ਵੇਚ ਦਿੱਤਾ ਗਿਆ ਜਿਸ ਮਗਰੋਂ ਉਸ ਨੂੰ ਇੱਕ ਦਫ਼ਤਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ।
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੜਕੀਆਂ ਘਰ ਪਰਤ ਸਕੀਆਂ ਹਨ।














