ਨਵੀਂ ਦਿੱਲੀ, 10 ਨਵੰਬਰ

ਪੰਜਾਬ ਵਿੱਚ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਏਪੀਐੱਸ ਦਿਓਲ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਅੱਜ ਕਿਹਾ ਕਿ ਐਡਵੋਕੇਟ ਜਨਰਲ ਦੇ ਅਹੁਦੇ ਦਾ ਸਿਆਸੀਕਰਨ ਕਰਨ ਦਾ ਮਤਲਬ ਉਸ ਦੇ ਸੰਵਿਧਾਨਕ ਕੰਮਕਾਜ ਦੀ ਮਰਿਆਦਾ ਨੂੰ ਢਾਹ ਲਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਸਮੇਂ ਬਾਰ ਕੌਂਸਲ ਵੱਲੋਂ ਤੈਅ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਲੋਕ ਸਭਾ ਮੈਂਬਰ ਨੇ ਟਵੀਟ ਕੀਤਾ, ‘ਪੰਜਾਬ ਸਰਕਾਰ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਕਰ ਰਹੀ ਹੈ, ਅਜਿਹੇ ’ਚ ਉਸ ਨੂੰ ਸਲਾਹ ਹੈ ਕਿ ਉਹ ਬਾਰ ਕੌਂਸਲ ਆਫ ਇੰਡੀਆ ਵੱਲੋਂ ਨਿਰਧਾਰਿਤ ਪੇਸ਼ੇਵਰ ਮਾਪਦੰਡਾਂ ਦੇ ਨਿਯਮਾਂ ਦੀ ਪਾਲਣਾ ਕਰੇ।’’ ਇਸ ਵਿਵਾਦ ਦਾ ਅਸਿੱਧਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, ‘ਐਡਵੋਕੇਟ ਜਨਰਲ ਦੇ ਦਫ਼ਤਰ ਦਾ ਸਿਆਸੀਕਰਨ ਸੰਵਿਧਾਨਕ ਕੰਮਕਾਜ ਦੀ ਮਰਿਆਦਾ ਨੂੰ ਢਾਹ ਲਾਉਂਦਾ ਹੈ। ਪੰਜਾਬ ਦੇ ਪਹਿਲੇ ਦੋਵੇਂ ਐਡਵੋਕੇਟ ਜਨਰਲ ਸਿਆਸੀ ਜੰਗ ਦਾ ਸ਼ਿਕਾਰ ਹੋ ਗਏ।’