ਅੰਮਾਨ (ਜੌਰਡਨ), 12 ਮਾਰਚ
ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਮੁੱਕੇਬਾਜ਼ ਮਨੀਸ਼ ਕੌਸ਼ਿਕ (63 ਕਿਲੋ) ਨੇ ਇਥੇ ਏਸ਼ਿਆਈ ਕੁਆਲੀਫਾਇਰ ਵਿੱਚ ਆਸਟਰੇਲੀਆ ਦੇ ਹੈਰੀਸਨ ਗਾਰਸਿਡੇ ਨੂੰ ਹਰਾ ਕੇ ਟੋਕੀਓ ਓਲੰਪਿਕ ਦਾ ਟਿਕਟ ਕਟਾ ਲਿਆ ਹੈ। ਕੌਸ਼ਿਕ ਟੋਕੀਓ ਓਲੰਪਿਕ ਵਿੱਚ ਥਾਂ ਪੱਕੀ ਕਰਨ ਵਾਲਾ ਨੌਵਾਂ ਭਾਰਤੀ ਮੁੱਕੇਬਾਜ਼ ਹੈ। ਭਾਰਤੀ ਮੁੱਕੇਬਾਜ਼ ਨੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਤੇ ਦੂਜਾ ਦਰਜਾ ਗਾਰਸਿਡੇ ਨੂੰ 4-1 ਨਾਲ ਹਰਾ ਕੇ ਪਹਿਲੀ ਵਾਰ ਖੇਡ ਮਹਾਂਕੁੰਭ ਵਿੱਚ ਥਾਂ ਬਣਾਈ ਹੈ।
ਭਾਰਤੀ ਮੁੱਕੇਬਾਜ਼ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਤੇ ਆਸਟੇਲਿਆਈ ਮੁੱਕੇਬਾਜ਼ ’ਤੇ ਤਿੱਖੇ ਹਮਲੇ ਕੀਤੇ, ਜਿਸ ਨਾਲ ਉਹਦੇ ਖ਼ੂਨ ਵੀ ਨਿਕਲ ਆਇਆ। ਉਂਜ ਅੱਜ ਦਾ ਮੈਚ 2018 ਦੇ ਰਾਸ਼ਟਰਮੰਡਲ ਫਾਈਨਲ ਦਾ ਦੁਹਰਾਅ ਹੀ ਸੀ। ਫ਼ਰਕ ਸਿਰਫ਼ ਇੰਨਾ ਸੀ ਕਿ ਐਤਕੀਂ ਕੌਸ਼ਿਕ ਜੇਤੂ ਰਿਹਾ। ਮੌਜੂਦਾ ਟੂਰਨਾਮੈਂਟ ਵਿੱਚ 63 ਕਿਲੋ ਭਾਰ ਵਰਗ ਵਿੱਚ ਸਿਖਰਲੇ 6 ਮੁੱਕੇਬਾਜ਼ ਓਲੰਪਿਕ ਲਈ ਕੁਆਲੀਫਾਈ ਕਰ ਸਕਦੇ ਸਨ। ਕੌਸ਼ਿਕ ਤੇ ਗਾਰਸਿਡੇ ਦੋਵੇਂ ਕੁਆਰਟਰ ਫਾਈਨਲ ਵਿੱਚ ਹਾਰ ਗਏ ਸਨ। ਇਸ ਤੋਂ ਪਹਿਲਾਂ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਵਿਕਾਸ ਕ੍ਰਿਸ਼ਨ (69 ਕਿਲੋ) ਬੁੱਧਵਾਰ ਨੂੰ ਅੱਖ ਦੀ ਸੱਟ ਕਰਕੇ ਏਸ਼ੀਆ/ਓਸੀਆਨਾ ਮੁੱਕੇਬਾਜ਼ੀ ਕੁਆਲੀਫਾਇਰ ਦੇ ਫਾਈਨਲ ’ਚੋਂ ਬਾਹਰ ਹੋ ਗਿਆ, ਜਿਸ ਨਾਲ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਵਿਸ਼ਵ ਤੇ ਏਸ਼ਿਆਈ ਚੈਂਪੀਅਨਸ਼ਿਪ ਦੇ ਕਾਂਸੇ ਦਾ ਤਗ਼ਮਾ ਜੇਤੂ ਵਿਕਾਸ ਨੂੰ ਖ਼ਿਤਾਬੀ ਮੁਕਾਬਲੇ ਲਈ ਜੌਰਡਨ ਦੇ ਜੇਆਦ ਈਸ਼ਾਸ਼ ਨਾਲ ਭਿੜਨਾ ਸੀ। ਇਸ ਮੁੱਕੇਬਾਜ਼ ਦੇ ਨੇੜਲੇ ਸੂਤਰ ਨੇ ਕਿਹਾ, ‘ਕੱਟ ਲੱਗਣ ਕਾਰਨ ਉਹ ਮੁਕਾਬਲੇ ’ਚ ਹਿੱਸਾ ਨਹੀਂ ਲਏਗਾ। ਡਾਕਟਰਾਂ ਨੇ ਉਸ ਨੂੰ ਮੁਕਾਬਲੇ ’ਚੋਂ ਲਾਂਭੇ ਹੋਣ ਦੀ ਸਲਾਹ ਦਿੱਤੀ ਹੈ।’
ਵਿਕਾਸ ਨੇ ਮੰਗਲਵਾਰ ਨੂੰ ਸੈਮੀ ਫਾਈਨਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਵਾਰ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਕਜ਼ਾਖ਼ਿਸਤਾਨ ਦੇ ਦੂਜਾ ਦਰਜਾ ਅਬਲਇਖਾਨ ਜੁਸੁਪੋਵ ਨੂੰ ਹਰਾਇਆ ਸੀ। ਕੌਸ਼ਿਕ ਤੇ ਵਿਕਾਸ ਤੋਂ ਇਲਾਵਾ ਜਿਨ੍ਹਾਂ ਭਾਰਤੀ ਮੁੱਕੇਬਾਜ਼ਾਂ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ, ਉਨ੍ਹਾਂ ਵਿੱਚ ਐੱਮ.ਸੀ.ਮੇਰੀਕੋਮ(51 ਕਿਲੋ), ਸਿਮਰਨਜੀਤ ਕੌਰ (60 ਕਿਲੋੋ), ਲਵਨੀਨਾ ਬੋਰਗੋਹੇਨ (69), ਪੂਜਾ ਰਾਣੀ (75), ਅਮਿਤ ਪੰਘਾਲ(52), ਆਸ਼ੀਸ਼ ਕੁਮਾਰ (75) ਤੇ ਸਤੀਸ਼ ਕੁਮਾਰ (91 ਕਿਲੋ ਤੋਂ ਵੱਧ) ਸ਼ਾਮਲ ਹਨ।