ਨਵੀਂ ਦਿੱਲੀ, 28 ਜੁਲਾਈ
ਸੁਪਰੀਮ ਕੋਰਟ ਨੇ ਮਨੀਪੁਰ ਹਿੰਸਾ ਤੇ ਜਿਨਸੀ ਹਮਲੇ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਲਈ ਸਰਵਉੱਚ ਅਦਾਲਤ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਨਿਰਪੱਖ ਕਮੇਟੀ ਕਾਇਮ ਕੀਤੇ ਜਾਣ ਦੀ ਮੰਗ ਕਰਨ ਵਾਲੇ ਪਟੀਸ਼ਨਰ ਨੂੰ ਆਪਣੀ ਅਪੀਲ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਅੱਗੇ ਸੂਚੀਬੰਦ ਕਰਨ ਲਈ ਕਿਹਾ ਹੈ। ਉਂਜ ਇਹ ਮਸਲਾ ਅੱਜ ਜਸਟਿਸ ਐੱਸ.ਕੇ.ਕੌਲ ਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਬੈਂਚ ਅੱਗੇ ਰੱਖਿਆ ਗਿਆ ਸੀ ਕਿਉਂਕਿ ਸੀਜੇਆਈ ਚੰਦਰਚੂੜ ਵੀਰਵਾਰ ਨੂੰ ਕੋਰਟ ਨਹੀਂ ਲਾਉਂਦੇ।
ਪਟੀਸ਼ਨਰ ਵਕੀਲ ਵਿਸ਼ਾਲ ਤਿਵਾੜੀ ਨੇ ਸੁਣਵਾਈ ਦੌਰਾਨ ਬੈਂਚ ਨੂੰ ਦੱਸਿਆ ਕਿ ਮਨੀਪੁਰ ਹਿੰਸਾ ਨਾਲ ਸਬੰਧਤ ਬਕਾਇਆ ਪਟੀਸ਼ਨਾਂ ਸ਼ੁੱਕਰਵਾਰ ਲਈ ਸੂਚੀਬੱਧ ਹਨ। ਤਿਵਾੜੀ ਨੇ ਬੈਂਚ ਨੂੰ ਅਪੀਲ ਕੀਤੀ ਕਿ ਉਸ ਦੀ ਪਟੀਸ਼ਨ ਭਲਕੇ ਹੋਰਨਾਂ ਸਬੰਧਤ ਪਟੀਸ਼ਨਾਂ ਨਾਲ ਸੁਣੀ ਜਾਵੇ। ਇਸ ’ਤੇ ਬੈਂਚ ਨੇ ਕਿਹਾ, ‘‘ਇਸ ਮੰਤਵ ਲਈ ਇਕ ਹੋਰ ਪਟੀਸ਼ਨ ਦੀ ਕਿਉਂ ਲੋੜ ਹੈ?….ਸਿਖਰਲੀ ਕੋਰਟ ਇਸ ਮਸਲੇ ’ਤੇ ਦਾਇਰ ਪਟੀਸ਼ਨਾਂ ਤੋਂ ਅੱਕ ਚੁੱਕੀ ਹੈ। ਦੇਸ਼ ਵਿੱਚ ਹਰ ਕੋਈ ਇਸ ਮੁੱਦੇ ’ਤੇ ਆਪਣੀ ਗੱਲ ਰੱਖਣਾ ਚਾਹੁੰਦਾ ਹੈ। ਪਟੀਸ਼ਨ ਭਲਕੇ ਚੀਫ ਜਸਟਿਸ ਅੱਗੇ ਰੱਖੀ ਜਾਵੇ।’’ ਤਿਵਾੜੀ ਨੇ ਦਾਅਵਾ ਕੀਤਾ ਕਿ ਉਸ ਵੱਲੋਂ ਦਾਇਰ ਪਟੀਸ਼ਨ ਮਨੀਪੁਰ ਵਿੱਚ ਹੋਈ ਕਾਨੂੰਨ ਦੀ ਉਲੰਘਣਾ ਖਿਲਾਫ਼ ਹੈ। ਪਟੀਸ਼ਨਰ ਨੇ ਕਿਹਾ ਕਿ ਹਿੰਸਾ ਤੇ ਜਿਨਸੀ ਹਮਲੇ ਦੀਆਂ ਘਟਨਾਵਾਂ ਦੀ ਜਾਂਚ ਲਈ ਮਾਹਿਰਾਂ ਦੀ ਨਿਰਪੱਖ ਕਮੇਟੀ ਕਾਇਮ ਕਰਕੇ ਇਸ ਨੂੰ ਚਾਰ ਹਫ਼ਤਿਆਂ ਵਿੱਚ ਆਪਣੀ ਰਿਪੋਰਟ ਸੌਂਪਣ ਅਤੇ ਫ਼ਰਜ਼ਾਂ ਵਿੱਚ ਕਥਿਤ ਕੁਤਾਹੀ ਕਰਨ ਵਾਲੀਆਂ ਸਰਕਾਰ ਏਜੰਸੀਆਂ ਖਿਲਾਫ਼ ਕਾਰਵਾਈ ਲਈ ਹਦਾਇਤਾਂ ਕੀਤੀਆਂ ਜਾਣ। ਤਿਵਾੜੀ ਨੇ ਪਟੀਸ਼ਨ ਵਿਚ ਮਨੀਪੁਰ ਹਿੰਸਾ ਦੀ ਸੀਬੀਆਈ ਜਾਂਚ ਵੀ ਮੰਗੀ।