ਨਵੀਂ ਦਿੱਲੀ, 7 ਜੂਨ
ਮਨੀਪੁਰ ਦੇ ਕੁੱਕੀ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ ਦੇ ਸਮੂਹ ਵੱਲੋਂ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਭਾਈਚਾਰੇ ਨੇ ਉੱਤਰ-ਪੂਰਬੀ ਰਾਜ ਵਿੱਚ ਜਾਰੀ ਹਿੰਸਾ ਦਾ ਵਿਰੋਧ ਕੀਤਾ। ਪੁਲੀਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ‘ਕੁੱਕੀ ਜਾਨਾਂ ਬਚਾਓ’ ਦੇ ਸੁਨੇਹੇ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਅਤੇ ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ। ਪੁਲੀਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ’ਚੋਂ ਚਾਰ ਜਣਿਆਂ ਨੂੰ ਮੀਟਿੰਗ ਲਈ ਗ੍ਰਹਿ ਮੰਤਰੀ ਦੀ ਰਿਹਾਇਸ਼ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਬਾਕੀਆਂ ਨੂੰ ਜੰਤਰ-ਮੰਤਰ ਵਿਖੇ ਤਬਦੀਲ ਕਰ ਦਿੱਤਾ।
ਮਨੀਪੁਰ ਵਿੱਚ ਪਿਛਲੇ ਇਕ ਮਹੀਨੇ ਤੋਂ ਜਾਰੀ ਨਸਲੀ ਹਿੰਸਾ ਵਿੱਚ 98 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ ਤੇ 310 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਸੂਬੇ ਵਿੱਚ ਚੱਲ ਰਹੇ 272 ਰਾਹਤ ਕੈਂਪਾਂ ਵਿੱਚ 37,450 ਲੋਕਾਂ ਨੇ ਪਨਾਹ ਲਈ ਹੈ। ਮੈਤੇਈ ਭਾਈਚਾਰੇ ਦੀ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਖਿਲਾਫ਼ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿੱਚ ਦਿੱਤੇ ‘ਕਬਾਇਲੀ ਇਕਜੁੱਟਤਾ ਮਾਰਚ’ ਦੌਰਾਨ ਹਿੰਸਾ ਭੜਕ ਗਈ ਸੀ।