ਇੰਫਾਲ, 23 ਜੂੁਨ

ਮਨੀਪੁਰ ਦੇ ਪੂਰਬੀ ਇੰਫਾਲ ਜ਼ਿਲ੍ਹੇ ਵਿੱਚ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਅੱਜ ਦੁਪਹਿਰੇ ਯਾਇਨਗਾਂਗਪੋਕਪੀ (ਵਾਈਕੇਪੀਆਈ) ਪਿੰਡ ਦੇ ਰਸਤੇ ਪਹਾੜੀ ਇਲਾਕਿਆਂ ਵਿੱਚ ਘੁਸਪੈਠ ਕਰਕੇ ਆਟੋਮੈਟਿਕ ਹਥਿਆਰਾਂ ਨਾਲ ਪਿੰਡ ਉੜੰਗਪਤ ਅਤੇ ਗਵਾਲਤਾਬੀ ਵਿੱਚ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਨੂੰ ਤੁਰੰਤ ਇਨ੍ਹਾਂ ‘ਖ਼ਾਲੀ’ ਪਿੰਡਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਅਤੇ ਉਨ੍ਹਾਂ ਪੂਰੀ ਸਾਵਧਾਨੀ ਨਾਲ ਜਵਾਬੀ ਕਾਰਵਾਈ ਕੀਤੀ ਤਾਂ ਕਿ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹਾਲਾਂਕਿ ਵਾਈਕੇਪੀਆਈ ਅਤੇ ਸੇਈਜਾਂਗ ਦੀਆਂ ਮਹਿਲਾਵਾਂ ਇਲਾਕੇ ਵਿੱਚ ਸੁਰੱਖਿਆ ਕਰਮੀਆਂ ਦੀਆਂ ਵਾਧੂ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੱਛਮੀ ਇੰਫਾਲ ਜ਼ਿਲ੍ਹੇ ਦੇ ਉੱਤਰੀ ਬੋਲਜਾਂਗ ਵਿੱਚ ਵੀਰਵਾਰ ਸਵੇਰੇ ਕੀਤੀ ਗਈ ਗੋਲੀਬਾਰੀ ਅਤੇ ਦੋ ਸਿਪਾਹੀਆਂ ਦੇ ਜ਼ਖ਼ਮੀ ਹੋਣ ਦੇ ਇੱਕ ਦਿਨ ਬਾਅਦ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਇਨਸਾਸ ਲਾਈਟ ਮਸ਼ੀਨਗੰਨ ਅਤੇ ਇੱਕ ਇਨਸਾਸ ਰਾਇਫਲ ਬਰਾਮਦ ਕੀਤੀ ਹੈ। ਯੂੁਕੇਪੀਆਈ ਦੇ ਉੱਤਰ ਵਿੱਚ ਸਥਿਤ ਉੜੰਗਪਤ ਵਿੱਚ ਬੁੱਧਵਾਰ ਸ਼ਾਮ ਕਰੀਬ ਪੌਣੇ ਛੇ ਵਜੇ ਆਟੋਮੈਟਿਕ ਛੋਟੇ ਹਥਿਆਰਾਂ ਦੀ ਗੋਲੀਬਾਰੀ ਦੀ ਆਵਾਜ਼ ਸੁਣੀ ਗਈ ਸੀ। ਜ਼ਿਕਰਯੋਗ ਹੈ ਕਿ ਮਨੀਪੁਰ ਵਿੱਚ ਮੈਤੇਈ ਅਤੇ ਕੁਕੀ ਭਾਈਚਾਰੇ ਵਿਚਾਲੇ ਜਾਰੀ ਹਿੰਸਾ ਦੌਰਾਨ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।