ਇੰਫਾਲ/ਨਵੀਂ ਦਿੱਲੀ, 23 ਅਗਸਤ
ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੀ ਸਿਫਾਰਸ਼ ਤੋਂ ਬਾਅਦ ਅੱਜ ਰਾਜਪਾਲ ਅਨੁਸੂਈਆ ਉਈਕੇ ਨੇ 29 ਅਗਸਤ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਫਿਰਕੂ ਹਿੰਸਾ ਨਾਲ ਜੂਝ ਰਹੇ ਮਨੀਪੁਰ ’ਚ ਸੀਏਪੀਐੱਫ (ਸੈਂਟਰਲ ਆਰਮਡ ਪੁਲੀਸ ਫੋਰਸ) ਦੀਆਂ 20-22 ਹੋਰ ਕੰਪਨੀਆਂ ਤਾਇਨਾਤ ਕਰ ਸਕਦੀ ਹੈ। ਇਹ ਜਾਣਕਾਰੀ ਸਰਕਾਰ ਦੇ ਸੂਤਰਾਂ ਨੇ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਮਨੀਪੁਰ ਦੀ ਰਾਜਪਾਲ ਅਨੁਸੂਈਆ ਉਈਕੇ ਨੇ 29 ਅਗਸਤ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਹੈ ਤੇ ਇਸ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੀ ਪ੍ਰਧਾਨਗੀ ਹੇਠ ਬੀਤੇ ਦਿਨ ਹੋਈ ਮੰਤਰੀ ਮੰਡਲ ਦੀ ਮੀਟਿੰਗ ’ਚ 29 ਅਗਸਤ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੀ ਸਿਫਾਰਸ਼ ਕੀਤੀ ਗਈ ਸੀ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਰਾਜਪਾਲ ਨੇ 12ਵੀਂ ਮਨੀਪੁਰ ਵਿਧਾਨ ਸਭਾ ਦਾ ਚੌਥਾ ਸੈਸ਼ਨ 29 ਅਗਸਤ ਨੂੰ ਸਵੇਰੇ 11 ਵਜੇ ਸੱਦਿਆ ਹੈ। ਇਸ ਤੋਂ ਪਹਿਲਾਂ ਮਨੀਪੁਰ ਮੰਤਰੀ ਮੰਡਲ ਵੱਲੋਂ 21 ਅਗਸਤ ਨੂੰ ਵਿਧਾਨ ਸਭਾ ਸੈਸ਼ਨ ਸੱਦੇ ਜਾਣ ਦੀ ਸਿਫਾਰਸ਼ ਕੀਤੇ ਜਾਣ ਦੇ ਬਾਵਜੂਦ ਬੀਤੇ ਦਿਨ ਸਦਨ ਨਹੀਂ ਜੁੜ ਸਕਿਆ ਕਿਉਂਕਿ ਰਾਜ ਭਵਨ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੀ।

ਉੱਧਰ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰਨਾਥ ਯਾਤਰਾ ਲਈ ਤਾਇਨਾਤ ਇਨ੍ਹਾਂ ਕਰਮੀਆਂ ਨੂੰ ਉੱਥੋਂ ਹਟਾ ਕੇ ਮਨੀਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਤਾਇਨਾਤ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਯਾਤਰਾ ਜਲਦੀ ਹੀ ਮੁਕੰਮਲ ਹੋਣ ਵਾਲੀ ਹੈ। ਮਨੀਪੁਰ ’ਚ ਪਹਿਲਾਂ ਤੋਂ ਹੀ ਸੀਏਪੀਐੱਫ ਦੀਆਂ ਤਕਰੀਬਨ 125 ਕੰਪਨੀਆਂ ਤਾਇਨਾਤ ਹਨ। ਮਨੀਪੁਰ ’ਚ ਮਈ ਦੇ ਪਹਿਲੇ ਹਫ਼ਤੇ ’ਚ ਹਿੰਸਾ ਭੜਕੀ ਸੀ। ਸੀਏਪੀਐਫ ’ਚ ਸੀਆਰਪੀਐਫ, ਬੀਐੱਸਐਫ ਤੇ ਐੱਸਐੱਸਬੀ ਸ਼ਾਮਲ ਹੈ। ਮਨੀਪੁਰ ’ਚ ਸੁਰੱਖਿਆ ਗ੍ਰਿਡ ਨੂੰ ਮਜ਼ਬੂਤ ਕਰਨ ਲਈ ਪਹਿਲੇ ਗੇੜ ’ਚ ਸੀਏਪੀਐੱਫ ਦੀਆਂ ਤਕਰੀਬਨ 20-22 ਕੰਪਨੀਆਂ ਤਾਇਨਾਤ ਕਰਨ ਦੀ ਯੋਜਨਾ ਹੈ।