ਇੰਫਾਲ, 7 ਸਤੰਬਰ
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਫੌਗਾਕਚਾਓ ਇਖਾਈ ਵਿੱਚ ਸੁਰੱਖਿਆ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਦੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਸੁਰੱਖਿਆ ਬਲਾਂ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗਣ ਕਾਰਨ 40 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਬਿਸ਼ਨੂਪੁਰ ਜ਼ਿਲ੍ਹਾ ਹਸਪਤਾਲ ਅਤੇ ਮੋਇਰਾਂਗ ਦੇ ਜਨਤਕ ਸਿਹਤ ਕੇਂਦਰ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਫਿਊ ਦੀ ਉਲੰਘਣਾ ਕਰਦਿਆਂ ਜ਼ਿਲ੍ਹੇ ਦੇ ਓਈਨਮ ਵਿੱਚ ਸੈਂਕੜੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਪੁਲੀਸ ਅਤੇ ਕੇਂਦਰੀ ਬਲਾਂ ਦੇ ਜਵਾਨਾਂ ਦੀ ਆਵਾਜਾਈ ਰੋਕਣ ਲਈ ਦੁਪਹਿਰ ਕਰੀਬ 2.30 ਵਜੇ ਸੜਕ ਦੇ ਵਿਚਕਾਰ ਬੈਠ ਗਏ, ਜੋ ਇੰਫਾਲ ਤੋਂ ਫੌਗਾਕਚਾਓ ਜਾ ਰਹੇ ਸਨ। ਲਗਪਗ 11.40 ਵਜੇ ਫੌਗਾਕਚਾਓ ਇਖਾਈ ਜਾ ਰਹੇ ਪ੍ਰਦਰਸ਼ਨਕਾਰੀਆਂ ਨੂੰ ਸੂਬਾ ਪੁਲੀਸ ਬਲਾਂ ਨੇ ਰੋਕ ਦਿੱਤਾ, ਜਿਨ੍ਹਾਂ ਨੇ ਲਗਪਗ ਦੋ ਕਿਲੋਮੀਟਰ ਦੂਰ ਬੈਰੀਕੇਡ ਲਾਇਆ ਸੀ। ਉਨ੍ਹਾਂ ਦੱਸਿਆ ਕਿ ਹਾਲਾਂਕਿ ਪੁਲੀਸ ਨੇ ਅੱਥਰੂੁ ਗੈਸ ਦੇ ਗੋਲੇ ਦਾਗੇ ਪਰ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤਾ।