ਇੰਫਾਲ, 5 ਅਗਸਤ
ਮਨੀਪੁਰ ’ਚ ਪੁਲੀਸ ਦੇ ਅਸਲਾਖਾਨੇ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਲੁੱਟੇ ਜਾਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇਹ ਮਾਮਲਾ ਬਿਸ਼ਨੂਪੁਰ ਜ਼ਿਲ੍ਹੇ ਦੇ ਨਾਰਾਨਸੀਨਾ ਸਥਿਤ ਦੂਜੀ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀ) ਦੇ ਹੈੱਡਕੁਆਰਟਰ ਦਾ ਹੈ ਜਿੱਥੋਂ ਭੀੜ ਨੇ ‘ਏਕੇ’ ਤੇ ‘ਘਾਤਕ’ ਲੜੀ ਦੀਆਂ ਰਾਈਫਲਾਂ ਅਤੇ ਵੱਖ ਵੱਖ ਬੰਦੂਕਾਂ ਦੇ 19 ਹਜ਼ਾਰ ਤੋਂ ਵੱਧ ਕਾਰਤੂਸ ਲੁੱਟ ਲਏ ਹਨ। ਇਸੇ ਦੌਰਾਨ ਇੰਫਾਲ ਪੂਰਬੀ ਤੇ ਪੱਛਮੀ ਜ਼ਿਲ੍ਹਿਆਂ ਵਿੱਚ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬਹੁ-ਗਿਣਤੀ ਕਬਾਇਲੀ ਭਾਈਚਾਰੇ ਨਾਲ ਸਬੰਧਤ ਲੋਕ ਚੂਰਾਚਾਂਦਪੁਰ ਵੱਲ ਮਾਰਚ ਲਈ ਨਾਰਾਨਸੀਨਾ ’ਚ ਇਕੱਠੇ ਹੋਏ ਸੀ ਜਿੱਥੇ ਉਹ ਤਿੰਨ ਮਈ ਤੋਂ ਭੜਕੀ ਹਿੰਸਾ ’ਚ ਮਾਰੇ ਗਏ ਲੋਕਾਂ ਨੂੰ ਸਮੂਹਿਕ ਤੌਰ ’ਤੇ ਦਫਨਾਉਣ ਦੀ ਯੋਜਨਾ ਬਣਾ ਰਹੇ ਸਨ। ਅਧਿਕਾਰੀਆਂ ਅਨੁਸਾਰ ਭੀੜ ਨੇ ਵੱਖ ਵੱਖ ਬੰਦੂਕਾਂ ਦੇ 19 ਹਜ਼ਾਰ ਤੋਂ ਵੱਧ ਕਾਰਤੂਸ, ਏਕੇ ਲੜੀ ਦੀ ਇੱਕ ਅਸਾਲਟ ਰਾਈਫਲ, ਤਿੰਨ ਘਾਤਕ ਰਾਈਫਲਾਂ, 195 ਐੱਸਐੱਲਆਰ, 25 ਬੁਲੇਟ ਪਰੂਫ ਜੈਕੇਟਾਂ ਤੇ ਹੈਂਡ ਗਰਨੇਡ ਸਮੇਤ ਹੋਰ ਹਥਿਆਰ ਲੁੱਟ ਲਏ ਹਨ। ਦੂਜੇ ਪਾਸੇ ਪੁਲੀਸ ਨੇ ਅੱਜ ਇੰਫਾਲ ਪੂਰਬੀ ਤੇ ਇੰਫਾਲ ਪੱਛਮੀ ’ਚ ਕਰਫਿਊ ਵਿੱਚ ਸਵੇਰੇ ਪੰਜ ਵਜੇ ਤੋਂ ਸੱਤ ਘੰਟੇ ਲਈ ਢਿੱਲ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸੂਬੇ ਦੇ ਸੰਵੇਦਨਸ਼ੀਲ ਤੇ ਸਰਹੱਦੀ ਇਲਾਕਿਆਂ ’ਚ ਸੱਤ ਨਾਜਾਇਜ਼ ਬੰਕਰ ਤਬਾਹ ਕਰ ਦਿੱਤੇ ਹਨ। ਇਸੇ ਦੌਰਾਨ ਉੱਤਰ-ਪੂਰਬ ਦੀ ਸਭ ਤੋਂ ਵੱਡੀ ਵਿਦਿਆਰਥੀ ਜਥੇਬੰਦੀ ‘ਨਾਰਥ ਈਸਟ ਸਟੂਡੈਂਟਸ ਆਰਗੇਨਾਈਜ਼ੇਸ਼ਨ’ (ਐੱਨਈਐੱਸਓ) ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਖਲ ਨਾਲ ਮਨੀਪੁਰ ’ਚ ਹਾਲਾਤ ਠੀਕ ਹੋ ਸਕਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਭਵਿੱਖ ਖਾਤਰ ਉਹ ਸੂਬੇ ਵਿੱਚ ਦਖਲ ਦੇਵੇ। ਉੱਧਰ ਗੋਆ ਵਿਧਾਨ ਸਭਾ ਦੇ ਸਪੀਕਰ ਰਮੇਸ਼ ਤਵਾੜਕਰ ਨੇ ਅੱਜ ਮਨੀਪੁਰ ਹਿੰਸਾ ਬਾਰੇ ਸਦਨ ’ਚ ਚਰਚਾ ਦੀ ਮੰਗ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਿਸ ਮਗਰੋਂ ਵਿਰੋਧੀ ਧਿਰ ਦੇ ਹੰਗਾਮਾ ਕੀਤਾ।