ਇੰਫਾਲ, 22 ਜੁਲਾਈ
ਮਨੀਪੁਰ ਦੀਆਂ ਦੋ ਆਦਿਵਾਸੀ ਔਰਤਾਂ ਨੂੰ ਅਗਵਾ ਕਰਕੇ ਨਗਨ ਘੁਮਾਉਣ ਤੋਂ ਪਹਿਲਾਂ ਹਜ਼ਾਰ ਲੋਕਾਂ ਦੇ ਹਥਿਆਰਬੰਦ ਹਜੂਮ ਨੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਵਿੱਚ ਦਰਿੰਦਗੀ ਤੇ ਵਹਿਸ਼ੀਪੁਣੇ ਦੀ ਖੁੱਲ੍ਹੀ ਖੇਡ ਖੇਡੀ। ਹਜੂਮ ਨੇ ਹਥਿਆਰਾਂ ਦੀ ਨੋਕ ’ਤੇ ਬੁਰਛਾਗਰਦੀ ਕੀਤੀ। ਹਜੂਮ ਨੇ ਪਿੰਡ ’ਤੇ ਹੱਲਾ ਬੋਲਦਿਆਂ ਘਰਾਂ ਵਿੱਚ ਲੁੱਟ-ਖੋਹ ਕੀਤੀ, ਅੱਗ ਲਾਈ, ਲੋਕਾਂ ਦੀ ਹੱਤਿਆ ਕੀਤੀ ਤੇ ਔਰਤਾਂ ਨਾਲ ਜਬਰ-ਜਨਾਹ ਕੀਤਾ। ਇਹ ਦਾਅਵਾ 21 ਜੂਨ ਨੂੰ ਦਰਜ ਐੱਫਆਈਆਰ ਵਿੱਚ ਕੀਤਾ ਗਿਆ ਹੈ, ਜਿਸ ਦੀ ਕਾਪੀ ਇਸ ਖਬਰ ਏਜੰਸੀ ਨੇ ਦੇਖੀ ਹੈ। ਆਦਿਵਾਸੀ ਮਹਿਲਾਵਾਂ ਦੀ ਨਗਨ ਪਰੇਡ ਦੀ ਇਹ ਘਟਨਾ ਭਾਵੇਂ 4 ਮਈ ਦੀ ਦੱਸੀ ਜਾਂਦੀ ਹੈ, ਪਰ ਲੰਘੇ ਦਿਨੀਂ ਸਾਹਮਣੇ ਆਏ ਇਸ ਵੀਡੀਓ ਦੇ ਅਧਾਰ ’ਤੇ ਮਨੀਪੁਰ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਛਾਪੇ ਮਾਰਦਿਆਂ ਹੁਣ ਤੱਕ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਫਆਈਆਰ ਮੁਤਾਬਕ ਪਿੰਡ ਵਿੱਚ ਉਪਰੋਕਤ ਹਮਲੇ ਦੌਰਾਨ ਇਕ ਵਿਅਕਤੀ ਨੇ ਆਪਣੀ ਭੈਣ ਨੂੰ ਜਬਰ-ਜਨਾਹ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਜੂਮ ਨੇ ਉਸ ਦੀ ਹੱਤਿਆ ਕਰ ਦਿੱਤੀ। ਇਸ ਮਗਰੋੋਂ ਦੋ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ। ਸਾਇਕੁਲ ਪੁਲੀਸ ਥਾਣੇ ਵਿੱਚ ਦਰਜ ਐੱਫਆਈਆਰ ਮੁਤਾਬਕ, ‘‘900 ਤੋਂ 1000 ਦੇ ਕਰੀਬ ਵਿਅਕਤੀ, ਜਿਨ੍ਹਾਂ ਕੋਲ ਏਕੇ ਰਾਈਫ਼ਲਜ਼, ਐੱਸਐੱਲਆਰ, ਇਨਸਾਸ ਤੇ .303 ਰਾਈਫਲਜ਼ ਜਿਹੇ ਆਧੁਨਿਕ ਹਥਿਆਰ ਸਨ, (4 ਮਈ ਨੂੰ) ਸਾਇਕੁਲ ਪੁਲੀਸ ਥਾਣੇ ਤੋਂ 68 ਕਿਲੋਮੀਟਰ ਦੱਖਣ ਵੱਲ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਵਿੱਚ ਜਬਰੀ ਦਾਖ਼ਲ ਹੋਏ। ਹਿੰਸਾ ’ਤੇ ਉਤਾਰੂ ਹਜੂਮ ਨੇ ਪਹਿਲਾਂ ਸਾਰੇ ਘਰਾਂ ਵਿੱਚ ਲੁੱਟ-ਖੋਹ ਕੀਤੀ ਤੇ ਮਗਰੋਂ ਇਨ੍ਹਾਂ ਨੂੰ ਅੱਗ ਲਾ ਦਿੱਤੀ।’’ ਐੱਫਆਈਆਰ ਵਿੱਚ ਕਿਹਾ ਗਿਆ ਕਿ ਹਜੂਮ ਸ਼ਾਮ ਤਿੰਨ ਵਜੇ ਦੇ ਕਰੀਬ ਪਿੰਡ ਵਿੱਚ ਦਾਖਲ ਹੋਇਆ ਤੇ ਘਰਾਂ ਵਿੱਚੋਂ ਨਗ਼ਦੀ, ਫਰਨੀਚਰ, ਇਲੈਕਟ੍ਰਾਨਿਕ ਆਈਟਮਾਂ, ਅਨਾਜ, ਪਸ਼ੂ ਅਤੇ ਹੋਰ ਜੋ ਕੁਝ ਮਿਲਿਆ ਖੋਹ ਲਿਆ। ਹਜੂਮ ਵਿੱਚ ਸ਼ਾਮਲ ਲੋਕ ਪੰਜ ਵਿਅਕਤੀਆਂ ਨੂੰ ਆਪਣੇ ਨਾਲ ਲੈ ਗਏ, ਜਿਨ੍ਹਾਂ ਨੂੰ ਪੁਲੀਸ ਅਮਲੇ ਨੇ ਨੇੜਲੇ ਜੰਗਲ ’ਚੋਂ ਬਾਹਰ ਕੱਢਿਆ। ਪੁਲੀਸ ਨੇ ਮਹਿਲਾਵਾਂ ਨੂੰ ਨਗਨ ਘੁਮਾਉਣ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਚਾਰ ਦੋਸ਼ੀਆਂ ਵਿਚੋਂ ਇਕ ਦੇ ਥੌਬਲ ਜ਼ਿਲ੍ਹੇ ਦੇ ਪੇਚੀ ਅਵਾਂਗ ਵਿਚਲੇ ਘਰ ਨੂੰ ਵੀਰਵਾਰ ਰਾਤ ਅੱਗ ਲਾ ਦਿੱਤੀ। ਮਨੀਪੁਰ ਵਿੱਚ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲਿਆਂ ਦਾ ਦਰਜਾ ਦੇਣ ਖਿਲਾਫ਼ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿੱਚ ਕੱਢੇ ਗਏ ‘ਕਬਾਇਲੀ ਇਕਜੁੱਟਤਾ ਮਾਰਚ’ ਦੌਰਾਨ ਭੜਕੀ ਹਿੰਸਾ ਮਗਰੋਂ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮੈਤੇਈ ਭਾਈਚਾਰਾ ਮਨੀਪੁਰ ਦੀ ਕੁੱਲ ਆਬਾਦੀ ਦਾ 53 ਫੀਸਦ ਹੈ।