ਨਵੀਂ ਦਿੱਲੀ, 19 ਅਗਸਤ
ਸੀਪੀਆਈ (ਐੱਮ) ਆਗੂ ਬਰਿੰਦਾ ਕਰਾਤ ਨੇ ਮਨੀਪੁਰ ਦੇ ਤਿੰਨ ਰੋਜ਼ਾ ਦੌਰੇ ਮਗਰੋਂ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਯਾਦ ਪੱਤਰ ਸੌਂਪਿਆ ਤੇ ਉਨ੍ਹਾਂ ਦੇ ਧਿਆਨ ਵਿੱਚ ਮਨੀਪੁਰ ’ਚ ਰਾਹਤ ਕੈਂਪਾਂ ਦੀ ਮਾੜੀ ਹਾਲਤ, ਲੋਕਾਂ ’ਚ ਸਰਕਾਰ ਪ੍ਰਤੀ ਬੇਭਰੋਸਗੀ ਅਤੇ ਸਿਆਸੀ ਇੱਛਾ ਸ਼ਕਤੀ ਦੀ ਘਾਟ ਦਾ ਮੁੱਦਾ ਲਿਆਂਦਾ। ਜ਼ਿਕਰਯੋਗ ਹੈ ਕਿ ਆਲ ਇੰਡੀਆ ਡੈਮੋਕਰੈਟਿਕ ਵਿਮੈਨਜ਼ ਐਸੋਸੀਏਸ਼ਨ (ਏਆਈਡੀਡਬਲਯੂਏ) ਦਾ ਵਫ਼ਦ 9 ਤੋਂ 11 ਅਗਸਤ ਤੱਕ ਹਿੰਸਾ ਪ੍ਰਭਾਵਿਤ ਮਨੀਪੁਰ ਦੇ ਦੌਰੇ ’ਤੇ ਸੀ।
ਉਨ੍ਹਾਂ ਰਾਸ਼ਟਰਪਤੀ ਨੂੰ ਦੱਸਿਆ ਕਿ ਮਨੀਪੁਰ ’ਚ ਮਹਿਲਾਵਾਂ ਅਸੁਰੱਖਿਆ ਤੇ ਨਾਉਮੀਦੀ ਦੇ ਮਾਹੌਲ ’ਚ ਰਹਿ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਸੂਬੇ ਦੀ ਰਾਜਪਾਲ ਅਨੁਸੂਈਆ ਉਈਕੇ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਸੁਝਾਅ ਵੀ ਦਿੱਤੇ। ਉਨ੍ਹਾਂ ਰਾਸ਼ਟਰਪਤੀ ਨੂੰ ਦੱਸਿਆ, ‘ਹਾਲਾਂਕਿ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਅਤੇ ਲੋਕਾਂ ਦੇ ਮਨਾਂ ’ਚ ਕੋਈ ਵੀ ਤਬਦੀਲੀ ਦਿਖਾਈ ਨਹੀਂ ਦਿੱਤੀ। ਅਸੀਂ ਮਨੀਪੁਰ ਦੇ ਹਾਲਾਤ ਉੱਥੋਂ ਦਾ ਦੌਰਾ ਕਰਕੇ ਅਤੇ ਉੱਥੋਂ ਦੇ ਲੋਕਾਂ ਤੇ ਖਾਸ ਕਰਕੇ ਮਹਿਲਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਸਮਝ ਸਕਦੇ ਹਾਂ।’ ਸੀਪੀਆਈ (ਐੱਮ) ਆਗੂ ਨੇ ਦੱਸਿਆ ਕਿ ਮਨੀਪੁਰ ’ਚ ਲੰਮੇ ਸਮੇਂ ਤੋਂ ਆਪਸੀ ਪਿਆਰ ਨਾਲ ਰਹਿ ਰਹੇ ਭਾਈਚਾਰਿਆਂ ਦਰਮਿਆਨ ਪਾੜਾ ਹੁਣ ਬਹੁਤ ਵੱਧ ਗਿਆ ਹੈ। ਉਨ੍ਹਾਂ ਕਿਹਾ, ‘ਸੂਬੇ ਵਿੱਚ ਪੰਜ ਹਜ਼ਾਰ ਦੇ ਕਰੀਬ ਕਲੋਨੀਆਂ ਤੇ ਬਹੁਤ ਸਾਰੇ ਪਿੰਡ ਸਾੜ ਦਿੱਤੇ ਗਏ ਹਨ। ਦੋਵਾਂ ਭਾਈਚਾਰਿਆਂ ਦੇ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ’ਚ ਰਹਿਣ ਲਈ ਮਜਬੂਰ ਹਨ। ਕਬਾਇਲੀਆਂ ਨੂੰ ਇਸ ਹਿੰਸਾ ਦੀ ਅੱਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’
ਉਨ੍ਹਾਂ ਕਿਹਾ ਕਿ ਮਨੀਪੁਰ ’ਚ ਔਰਤਾਂ ਨਾਲ ਵਾਪਰ ਰਹੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬਾਰੇ ਦੱਸਿਆ ਵੀ ਨਹੀਂ ਜਾ ਸਕਦਾ।