ਇੰਫਾਲ : ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਸੋਮਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 11 ਸ਼ੱਕੀ ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਇਹ ਮੁਕਾਬਲਾ ਬੋਰੋਬੇਕਾਰਾ ਸਬ-ਡਵੀਜ਼ਨ ਦੇ ਜਕੁਰਾਡੋਰ ਕਰੋਂਗ ’ਚ ਹੋਇਆ, ਜਿਸ ’ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੇ ਦੋ ਜਵਾਨ ਵੀ ਜ਼ਖਮੀ ਹੋ ਗਏ।

ਉਨ੍ਹਾਂ ਕਿਹਾ, ‘‘ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਕੁੱਝ ਘਰਾਂ ’ਤੇ ਹਮਲਾ ਕੀਤਾ, ਕਈ ਦੁਕਾਨਾਂ ਨੂੰ ਅੱਗ ਲਾ ਦਿਤੀ ਅਤੇ ਜ਼ਕੁਰਾਡੋਰ ਕਰੋਂਗ ’ਚ ਸੀ.ਆਰ.ਪੀ.ਐਫ. ਕੈਂਪ ’ਤੇ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ।’’

ਅਧਿਕਾਰੀਆਂ ਨੇ ਦਸਿਆ ਕਿ ਪੰਜ ਨਾਗਰਿਕ ਅਜੇ ਵੀ ਲਾਪਤਾ ਹਨ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਭੱਜ ਰਹੇ ਅਤਿਵਾਦੀਆਂ ਨੇ ਅਗਵਾ ਕੀਤਾ ਸੀ ਜਾਂ ਹਮਲਾ ਸ਼ੁਰੂ ਹੋਣ ਤੋਂ ਬਾਅਦ ਪਨਾਹ ਲਈ ਸੀ। ਮੁਕਾਬਲੇ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬੋਰੋਬੇਕਾਰਾ ਥਾਣੇ ਲਿਆਂਦਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਸੀ.ਆਰ.ਪੀ.ਐਫ. ਦੇ ਜ਼ਖਮੀ ਜਵਾਨਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਵਲੋਂ ਘਰਾਂ ’ਤੇ ਹਮਲਾ ਤੇ ਦੁਕਾਨਾਂ ’ਚ ਅੱਗ ਲਾਉਣ ਮਗਰੋਂ ਸ਼ੁਰੂ ਹੋਇਆ ਮੁਕਾਬਲਾ

ਇਸ ਤੋਂ ਪਹਿਲਾਂ ਜਿਰੀਬਾਮ ਜ਼ਿਲ੍ਹੇ ਦੇ ਬੋਰੋਬੇਕਾਰਾ ਸਬ-ਡਵੀਜ਼ਨ ’ਚ ਹਥਿਆਰਬੰਦ ਅਤਿਵਾਦੀਆਂ ਨੇ ਸੋਮਵਾਰ ਨੂੰ ਕਈ ਦੁਕਾਨਾਂ ਨੂੰ ਅੱਗ ਲਾ ਦਿਤੀ। ਧਿਕਾਰੀਆਂ ਨੇ ਦਸਿਆ ਕਿ ਅਤਿਵਾਦੀਆਂ ਨੇ ਦੁਪਹਿਰ ਕਰੀਬ 2:30 ਵਜੇ ਬੋਰੋਬੇਕਾਰਾ ਥਾਣੇ ਵਲ ਕਈ ਗੋਲੀਆਂ ਚਲਾਈਆਂ ਅਤੇ ਜ਼ਕੁਰਾਡੋਰ ਕਰੋਂਗ ਵਲ ਵਧਦੇ ਹੋਏ ਅੱਗ ਲਗਾਉਣੀ ਸ਼ੁਰੂ ਕਰ ਦਿਤੀ। ਇਹ ਇਲਾਕਾ ਜ਼ਿਲ੍ਹੇ ਦੇ ਸੱਭ ਤੋਂ ਵੱਧ ਪ੍ਰਭਾਵਤ ਖੇਤਰਾਂ ’ਚੋਂ ਇਕ ਹੈ। ਪਿਛਲੇ ਹਫਤੇ ਜੈਰੋਂ ਹਮਾਰ ਪਿੰਡ ’ਤੇ ਹਥਿਆਰਬੰਦ ਵਿਅਕਤੀਆਂ ਦੇ ਹਮਲੇ ਤੋਂ ਬਾਅਦ ਜ਼ਿਲ੍ਹੇ ’ਚ ਤਣਾਅ ਪੈਦਾ ਹੋ ਗਿਆ ਸੀ, ਜਿਸ ’ਚ ਇਕ 31 ਸਾਲ ਦੀ ਔਰਤ ਦੀ ਮੌਤ ਹੋ ਗਈ ਸੀ।