ਇੰਫਾਲ, 4 ਮਈ
ਮਨੀਪੁਰ ਵਿੱਚ ਕਬਾਇਲੀਆਂ ਅਤੇ ਬਹੁਗਿਣਤੀ ਮੇਇਤੀ ਭਾਈਚਾਰੇ ਦਰਮਿਆਨ ਹਿੰਸਾ ਭੜਕਣ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਕਈ ਟੁਕੜੀਆਂ ਨੂੰ ਤੁਰੰਤ ਰਾਤੋ ਰਾਤ ਤਾਇਨਾਤ ਕਰ ਦਿੱਤਾ ਗਿਆ। ਹਿੰਸਾ ਕਾਰਨ 9,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਭੇਜ ਦਿੱਤਾ ਗਿਆ ਹੈ। ਹਾਲਾਤ ਕਾਫੀ ਤਣਾਅਪੂਰਨ ਹਨ ਤੇ ਰਾਜ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਹਨ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਨਾਗਾ ਅਤੇ ਕੁਕੀ ਆਦਿਵਾਸੀਆਂ ਵੱਲੋਂ ‘ਕਬਾਇਲੀ ਏਕਤਾ ਮਾਰਚ’ ਕੱਢਣ ਤੋਂ ਬਾਅਦ ਹਿੰਸਾ ਭੜਕ ਗਈ, ਜੋ ਰਾਤ ਨੂੰ ਹੋਰ ਤੇਜ਼ ਹੋ ਗਈ।ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ‘ਚ ਹਿੰਸਾ ‘ਤੇ ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨਾਲ ਗੱਲ ਕੀਤੀ। ਸੂਤਰਾਂ ਮੁਤਾਬਕ ਕੇਂਦਰ ਉੱਥੇ ਦੀ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਸਾ ਕਿਸੇ ਗਲਤਫਹਿਮੀ ਕਾਰਨ ਹੋਈ ਹੈ।