ਇੰਫਾਲ, 14 ਜੂਨ
ਹਿੰਸਾ ਪ੍ਰਭਾਵਿਤ ਮਨੀਪੁਰ ਦੇ ਖਾਮੇਨਲੋਕ ਇਲਾਕੇ ਵਿਚਲੇ ਇੱਕ ਪਿੰਡ ’ਚ ਸ਼ੱਕੀ ਅਤਿਵਾਦੀਆਂ ਵੱਲੋਂ ਕੀਤੇ ਹਮਲੇ ’ਚ ਘੱਟੋ ਘੱਟ ਦੋ ਮਹਿਲਾਵਾਂ ਸਮੇਤ 11 ਜਣਿਆਂ ਦੀ ਮੌਤ ਹੋ ਗਈ ਤੇ 23 ਹੋਰ ਜ਼ਖ਼ਮੀ ਹੋ ਗਏ। ਇਸੇ ਦੌਰਾਨ ਹਮਲਾਵਰਾਂ ਨੇ ਦੇਰ ਸ਼ਾਮ ਨੂੰ ਮਨੀਪੁਰ ਦੀ ਸਨਅਤ ਮੰਤਰੀ ਨੇਮਚਾ ਕਿਪਗੇਨ ਦੀ ਸਰਕਾਰੀ ਰਿਹਾਇਸ਼ ਨੂੰ ਵੀ ਅੱਗ ਲਗਾ ਦਿੱਤੀ।

ਪੁਲੀਸ ਨੇ ਦੱਸਿਆ ਕਿ ਹਥਿਆਰਬੰਦ ਅਤਿਵਾਦੀਆਂ ਨੇ ਦੇਰ ਰਾਤ ਇੱਕ ਵਜੇ ਦੇ ਕਰੀਬ ਇੰਫਾਲ ਪੂਰਬੀ ਜ਼ਿਲ੍ਹੇ ਤੇ ਕਾਂਗਪੋਕੀ ਜ਼ਿਲ੍ਹੇ ਦੀ ਹੱਦ ਨਾਲ ਲੱਗਦੇ ਖਾਮੇਨਲੋਕ ਇਲਾਕੇ ਦੇ ਕੁਕੀ ਪਿੰਡ ਨੂੰ ਘੇਰ ਲਿਆ ਤੇ ਹਮਲਾ ਕਰ ਦਿੱਤਾ। ਇਸ ਮੌਕੇ ਹੋਈ ਗੋਲੀਬਾਰੀ ’ਚ ਦੋਵਾਂ ਧਿਰਾਂ ਦੇ ਕਈ ਜਣੇ ਜ਼ਖ਼ਮੀ ਹੋਏ ਹਨ। ਇਸ ਹਮਲੇ ’ਚ ਨੌਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ ਕਿਉਂਕਿ ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਖੇਤਰ ਮੈਤੇਈ ਬਹੁ-ਗਿਣਤੀ ਵਾਲੇ ਇੰਫਾਲ ਪੂਰਬੀ ਜ਼ਿਲ੍ਹੇ ਤੇ ਆਦਿਵਾਸੀ ਬਹੁ-ਗਿਣਤੀ ਵਾਲੇ ਕਾਂਗਪੋਕਪੀ ਜ਼ਿਲ੍ਹੇ ਦੀਆਂ ਸਰਹੱਦਾਂ ਨਾਲ ਲੱਗਦਾ ਹੈ।

ਇਸੇ ਦੌਰਾਨ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਂਫੈਲ ਇਲਾਕੇ ’ਚ ਅੱਜ ਸ਼ਾਮ ਨੂੰ ਹਮਲਾਵਰਾਂ ਨੇ ਮਨੀਪੁਰ ਦੀ ਸਨਅਤ ਮੰਤਰੀ ਨੇਮਚਾ ਕਿਪਗੇਨ ਦੀ ਸਰਕਾਰੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀ ਇਕਲੌਤੀ ਮਹਿਲਾ ਮੰਤਰੀ ਕਿਪਗੇਨ ਹਮਲੇ ਸਮੇਂ ਘਰ ’ਚ ਨਹੀਂ ਸਨ। ਹਮਲੇ ਦੀ ਸੂਚਨਾ ਮਿਲਦਿਆਂ ਹੀ ਸੁਰੱਖਿਆ ਬਲਾਂ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਵੀ ਸੂਬੇ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਨੂੰ ਹਮਲਾਵਰ ਅੱਗ ਲਗਾ ਚੁੱਕੇ ਹਨ।

ਦੂਜੇ ਪਾਸੇ ਇੰਫਾਲ ਪੂਰਬੀ ਤੇ ਇੰਫਾਲ ਪੱਛਮੀ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫਿਊ ’ਚ ਢਿੱਲ ਦੇ ਸਮੇਂ ਨੂੰ ਘੱਟ ਕਰਦਿਆਂ ਉਸ ਨੂੰ ਸਵੇਰੇ ਪੰਜ ਤੋਂ ਸ਼ਾਮ ਛੇ ਵਜੇ ਦੀ ਥਾਂ ਸਵੇਰੇ ਪੰਜ ਤੋਂ ਸਵੇਰੇ ਨੌਂ ਵਜੇ ਤੱਕ ਕਰ ਦਿੱਤਾ ਹੈ। ਹਿੰਸਾ ਪ੍ਰਭਾਵਿਤ ਮਨੀਪੁਰ ਦੇ 16 ਜ਼ਿਲ੍ਹਿਆਂ ’ਚੋਂ 11 ’ਚ ਅਜੇ ਵੀ ਕਰਫਿਊ ਲੱਗਿਆ ਹੋਇਆ ਹੈ ਜਦਕਿ ਪੂਰੇ ਪੂਰਬ-ਉੱਤਰ ਸੂਬੇ ’ਚ ਇੰਟਰਨੈੱਟ ਸੇਵਾਵਾਂ ਮੁਅੱਤਲ ਹਨ।

ਮਨੀਪੁਰ ’ਚ ਤਕਰੀਬਨ ਇੱਕ ਮਹੀਨਾ ਪਹਿਲਾਂ ਭੜਕੀ ਫਿਰਕੂ ਹਿੰਸਾ ’ਚ ਹੁਣ ਤੱਕ ਘੱਟੋ ਘੱਟ 100 ਜਣਿਆਂ ਦੀ ਮੌਤ ਹੋਈ ਹੈ ਅਤੇ 310 ਹੋਰ ਜ਼ਖ਼ਮੀ ਹੋਏ ਹਨ। ਸੂਬੇ ’ਚ ਸ਼ਾਂਤੀ ਕਾਇਮ ਕਰਨ ਲਈ ਸੈਨਾ ਤੇ ਨੀਮ ਫੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਇਸੇ ਦੌਰਾਨ ਆਰਐੱਸਐੱਸ ਦੀ ਸੰਸਥਾ ਅਖਿਲ ਭਾਰਤੀ ਵਣਵਾਸੀ ਕਲਿਆਣ ਆਸ਼ਰਮ ਨੇ ਮਨੀਪੁਰ ’ਚ ਹਿੰਸਾ ਕਾਇਮ ਕਰਨ ਦੀ ਅਪੀਲ ਕੀਤੀ ਹੈ। ਉੱਧਰ ਕੇਂਦਰ ਸਰਕਾਰ ਨੇ ਅੱਜ ਮਨੀਪੁਰ ਸਰਕਾਰ ਨੂੰ ਸੂਬੇ ਦੇ ਵੱਖ ਵੱਖ ਹਿੱਸਿਆਂ ’ਚ ਲੋੜੀਂਦਾ ਅੰਨ ਭੰਡਾਰ ਮੁਹੱਈਆ ਕਰਨ ਦਾ ਭਰੋਸਾ ਦਿੱਤਾ ਹੈ।