ਇੰਫਾਲ, 19 ਜੂਨ
ਮਨੀਪੁਰ ਦੇ ਪੱਛਮੀ ਇੰਫਾਲ ਜ਼ਿਲ੍ਹੇ ਵਿੱਚ ਐਤਵਾਰ ਰਾਤੀਂ ਪੌਣੇ ਬਾਰ੍ਹਾਂ ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਫਾਇਰਿੰਗ ਵਿਚ ਫੌਜੀ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀ ਨੇ ਕਿਹਾ ਕਿ ਫਾਇਰਿੰਗ ਦੌਰਾਨ ਫੌਜੀ ਜਵਾਨ ਦੀ ਖੱਬੀ ਲੱਤ ਵਿਚ ਗੋਲੀ ਲੱਗੀ ਤੇ ਉਸ ਨੂੰ ਲੀਮਾਖੋਂਗ ਦੇ ਮਿਲਟਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਲੀਮਾਖੌਂਗ (ਚਿੰਗਮਾਂਗ) ਨਾਲ ਲੱਗਦੇ ਕਾਂਤੋ ਸਬਲ ਪਿੰਡ ਵਿਚ ਵਾਪਰੀ। ਅਣਪਛਾਤਿਆਂ ਨੇ ਚਿਨਮਾਂਗ ਪਿੰਡ ਵਿੱਚ ਤਿੰਨ ਘਰਾਂ ਨੂੰ ਵੀ ਅੱਗ ਲਾ ਦਿੱਤੀ, ਜਿਸ ਨੂੰ ਮਗਰੋਂ ਫੌਜ ਨੇ ਬੁਝਾਇਆ।

ਅਧਿਕਾਰੀ ਨੇ ਕਿਹਾ ਕਿ ਕੁਝ ਘੰਟਿਆਂ ਦੀ ਸ਼ਾਂਤੀ ਮਗਰੋਂ ਤੜਕੇ 2:35 ਵਜੇ ਕਾਂਤੋ ਸਬਲ ਪਿੰਡ ਵਿਚ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ ਗਈ, ਜੋ 3:00 ਵਜੇ ਤੱਕ ਜਾਰੀ ਰਹੀ। ਪਿਛਲੇ ਇਕ ਮਹੀਨੇ ਤੋਂ ਜਾਰੀ ਮੈਤੇਈ ਤੇ ਕੁਕੀ ਭਾਈਚਾਰੇ ਦੇ ਲੋਕਾਂ ਦਰਮਿਆਨ ਜਾਰੀ ਨਸਲੀ ਹਿੰਸਾ ਕਰਕੇ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਸੂਬਾ ਸਰਕਾਰ ਨੇ ਅਫ਼ਵਾਹਾਂ ਫੈਲਣ ਤੋਂ ਰੋਕਣ ਲਈ ਮਨੀਪੁਰ ਦੇ 11 ਜ਼ਿਲ੍ਹਿਆਂ ਵਿੱਚ ਕਰਫਿਊ ਲਾਉਣ ਦੇ ਨਾਲ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਾਈ ਹੋਈ ਹੈ।