ਨਵੀਂ ਦਿੱਲੀ, 9 ਮਾਰਚ
ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਸਾਲ ਦੇ ਸਰਬੋਤਮ ਖਿਡਾਰੀ ਅਤੇ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਤੀਜੇ ਹਾਕੀ ਇੰਡੀਆ ਸਾਲਾਨਾ ਪੁਰਸਕਾਰ-2019 ਵਿੱਚ ਅੱਜ ਸਾਲ ਦਾ ਸਰਬੋਤਮ ਪੁਰਸ਼ ਖਿਡਾਰੀ, ਜਦਕਿ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਸਾਲ ਦੀ ਸਰਬੋਤਮ ਮਹਿਲਾ ਖਿਡਾਰਨ ਚੁਣਿਆ ਗਿਆ। ਮਨਪ੍ਰੀਤ ਅਤੇ ਰਾਣੀ ਨੂੰ ਟਰਾਫ਼ੀ ਤੋਂ ਇਲਾਵਾ 25-25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ। ਟੋਕੀਓ ਓਲੰਪਿਕ-1964 ਦੀ ਸੋਨ ਤਗ਼ਮਾ ਜੇਤੂ ਟੀਮ ਦੇ ਮੈਂਬਰ ਰਹੇ ਹਰਬਿੰਦਰ ਸਿੰਘ ਨੂੰ ਮੇਜਰ ਧਿਆਨਚੰਦ ਤਾਉਮਰ ਪ੍ਰਾਪਤੀ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਟਰਾਫ਼ੀ ਦਿੱਤੀ ਗਈ।
ਹਾਕੀ ਇੰਡੀਆ ਦੇ ਸਾਲਾਨਾ ਪੁਰਸਕਾਰਾਂ ਦੌਰਾਨ ਖਿਡਾਰੀਆਂ ਨੂੰ ਇੱਕ ਕਰੋੜ 64 ਲੱਖ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਬੀਤੇ ਸਾਲ ਕ੍ਰਮਵਾਰ ਮਨਪ੍ਰੀਤ ਅਤੇ ਰਾਣੀ ਦੀ ਅਗਵਾਈ ਵਿੱਚ ਟੋਕੀਓ ਓਲੰਪਿਕ 2020 ਲਈ ਕੁਆਲੀਫਾਈ ਕੀਤਾ ਹੈ। ਮਨਪ੍ਰੀਤ ਨੂੰ ਪਿਛਲੇ ਮਹੀਨੇ ਐੱਫਆਈਐੱਚ ਦੇ 2019 ਦੇ ਸਰਬੋਤਮ ਪੁਰਸ਼ ਹਾਕੀ ਖਿਡਾਰੀ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਉਹ ਇਹ ਪੁਰਸਕਾਰ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ।
ਰਾਣੀ ਰਾਮਪਾਲ ਵੀ ਜਨਵਰੀ ਵਿੱਚ ਵਿਸ਼ਵ ਖੇਡਾਂ ਦੀ ਸਾਲ ਦੀ ਸਰਬੋਤਮ ਮਹਿਲਾ ਖਿਡਾਰਨ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਹਾਕੀ ਖਿਡਾਰਨ ਬਣੀ ਸੀ। ਭਾਰਤੀ ਮਹਿਲਾ ਹਾਕੀ ਖਿਡਾਰਨਾਂ ਦੀਪ ਗਰੇਸ ਏਕਾ ਤੇ ਸਵਿਤਾ ਅਤੇ ਪੁਰਸ਼ ਖਿਡਾਰੀ ਕੋਥਾਜੀਤ ਸਿੰਘ ਨੂੰ 200 ਮੈਚ ਖੇਡਣ ਲਈ ਸਨਮਾਨਿਆ ਗਿਆ। ਹਰੇਕ ਨੂੰ ਇੱਕ-ਇੱਕ ਲੱਖ ਰੁਪਏ ਮਿਲੇ। ਹਰਮਨਪ੍ਰੀਤ ਸਿੰਘ, ਲਲਿਤ ਕੁਮਾਰ ਉਪਾਧਿਆਇ ਅਤੇ ਨਿੱਕੀ ਪ੍ਰਧਾਨ ਨੇ 100 ਮੈਚ ਖੇਡੇ ਹਨ, ਜਿਨ੍ਹਾਂ ਨੂੰ ਟਰਾਫ਼ੀ ਤੋਂ ਇਲਾਵਾ ਹਰੇਕ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ।
ਐੱਫਆਈਐੱਚ ਉਭਰਦੇ ਖਿਡਾਰੀ-2019 ਦਾ ਪੁਰਸ਼ ਤੇ ਮਹਿਲਾ ਪੁਰਸਕਾਰ ਜੇਤੂ ਕ੍ਰਮਵਾਰ ਵਿਵੇਕ ਸਾਗਰ ਪ੍ਰਸਾਦ ਅਤੇ ਲਾਲਰੇਮਸਿਆਮੀ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ ਗਏ। ਨੇਹਾ ਗੋਇਲ ਨੂੰ ਸਾਲ ਦੀ ਸਰਬੋਤਮ ਮਿੱਡਫੀਲਡਰ ਲਈ ਅਜੀਤ ਪਾਲ ਸਿੰਘ ਐਵਾਰਡ, ਜਦੋਂਕਿ ਸਾਲ ਦੇ ਫਾਰਵਰਡ ਲਈ ਮਨਦੀਪ ਸਿੰਘ ਨੂੰ ਧਨਰਾਜ ਪਿੱਲੇ ਐਵਾਰਡ ਦਿੱਤਾ ਗਿਆ। ਦੋਵਾਂ ਨੂੰ ਟਰਾਫ਼ੀ ਤੋਂ ਇਲਾਵਾ ਪੰਜ-ਪੰਜ ਲੱਖ ਰੁਪਏ ਮਿਲੇ।