ਨਵੀਂ ਦਿੱਲੀ, 27 ਨਵੰਬਰ : ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਹੋਈ ਜਿਸ ਵਿਚ ਮਨਜੀਤ ਸਿੰਘ ਜੀਕੇ ਵੱਲੋਂ ਗੁਰੂ ਦੀ ਗੋਲਕ ਦੀ ਕੀਤੀ ਚੋਰੀ ਦੀ ਰਿਕਵਰੀ ਸਮੇਤ ਸਟਾਫ਼ ਨੂੰ 10 ਫ਼ੀਸਦੀ ਡੀ.ਏ ਦੇਣ ‘ਤੇ ਵੀ ਮੱਤਾ ਪਾਸ ਕੀਤਾ ਗਿਆ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦਿੱਲੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗੁਵਾਈ ਵਿਚ ਹੋਈ। ਗੁਰੂ ਮਹਾਰਾਜ ਦੀ ਅਰਦਾਸ ਮਗਰੋਂ ਮੀਟਿੰਗ ਦੀ ਕਾਰਵਾਈ ਨੂੰ ਸ਼ੁਰੂ ਕਰਦਿਆਂ ਉਹਨਾਂ ਨੇ (ਜਨਰਲ ਸਕੱਤਰ) ਅੱਜ ਦੇ ਏਜੰਡੇ ਬਾਰੇ ਮੌਜੁਦ ਮੈਂਬਰਾਂ ਨੂੰ ਜਾਣਕਾਰੀ ਦਿੱਤੀ।
ਉਹਨਾਂ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਪੰਜਾਬੀ ਬਾਗ ਸਾਖਾ ਵਿਚ ਜੋ ਘੋਟਾਲਾ ਸਾਹਮਣੇ ਆਇਆ ਹੈ, ਉਸਦਾ ਗੰਭੀਰ ਨੋਟਿਸ ਲੈਂਦਿਆਂ ਸਕੂਲ ਨੂੰ ਹਦਾਇਤ ਕੀਤੀ ਕਿ ਘੁਟਾਲੇ ਵਿਚ ਸ਼ਾਮਲ ਦਫਤਰ ਸੁਪਰਡੈਂਟ ਜਤਿੰਦਰਪਾਲ ਕੌਰ ਅਤੇ ਉਸ ਨਾਲ ਘੋਟਾਲੇ ਵਿਚ ਸ਼ਾਮਲ ਹੋਰ ਸਟਾਫ਼ ਨੂੰ ਤੁਰੰਤ ਮੁਅੱਤਲ ਕਰਨ ਦੀ ਕਾਰਵਾਈ ਆਰੰਭ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਕਾਰਜਕਾਰਨੀ ਦੀ ਮੀਟਿੰਗ ਵਿਚ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੋ ਵੀ ਚੋਰੀਆਂ ਮਨਜੀਤ ਸਿੰਘ ਜੀ. ਕੇ. ਵੱਲੋਂ ਗੁਰੂ ਦੀ ਗੋਲਕ ਦੀਆਂ ਕੀਤੀਆਂ ਗਈਆਂ ਹਨ, ਉਸਦਾ ਸਾਰਾ ਹਿਸਾਬ ਲਿਆ ਜਾਵੇ। ਉਹਨਾਂ ਦੱਸਿਆ ਕਿ ਕਾਰਜਕਾਰਨੀ ਨੇ ਜੀ ਕੇ ਨੂੰ ਕਿਹਾ ਕਿ ਉਹ ਆਡਿਟ ਕਮੇਟੀ ਸਾਹਮਣੇ ਖੁਦ ਪੇਸ਼ ਹੋਣ ਅਤੇ ਆਪਣੇ ਵੱਲੋਂ ਕੀਤੇ ਗਬਨ ਜਾਂ ਚੋਰੀ ਦੇ ਸਾਰੇ ਪੈਸੇ ਦਾ ਹਿਸਾਬ ਦੇਣ। ਉਹਨਾਂ ਦੱਸਿਆ ਕਿ 2 ਸਾਲ ਦੀ ਆਡਿਟ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਅਤੇ ਬਾਕੀ 4 ਸਾਲਾਂ ਦੇ ਵਿਚ ਜੋ ਵੀ ਚੋਰੀਆਂ ਅਤੇ ਫ਼ਰਜੀ ਬਿਲਾਂ ਰਾਹੀਂ ਜੋ ਪੈਸੇ ਕੱਢੇ ਗਏ ਉਸ ਸਭ ਦੀ ਰਿਪੋਰਟ ਬਣਾਈ ਜਾਏਗੀ ਅਤੇ ਇੱਕ ਸਬ ਕਮੇਟੀ ਬਣਾਈ ਜਾਵੇਗੀ ਜੋ ਸਾਰੇ ਦੀ ਪੜਤਾਲ ਕਰੇਗੀ ਅਤੇ ਸਾਰੇ ਪੈਸੇ ਵਸੂਲਣ ਦੀ ਪ੍ਰਕ੍ਰਿਆ ਆਰੰਭ ਕਰੇਗੀ।
ਉਹਨਾਂ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਸੂਬੇਦਾਰ ਹਰਜੀਤ ਸਿੰਘ ਨੂੰ ਗੋਲਕ ਚੋਰੀਆਂ ਦੇ ਮਾਮਲੇ ਨੂੰ ਲੈਕੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਮੀਟਿੰਗ ਵਿਚ ਮੁਲਾਜ਼ਮਾਂ ਨੂੰ 10 ਫ਼ੀਸਦੀ ਡੀ.ਏ ਜਾਰੀ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਸ. ਕਾਲਕਾ ਨੇ ਦੱਸਿਆ ਕਿ ਕਾਰਜਕਾਰਨੀ ਨੇ ਬਾਲਾ ਹਸਪਤਾਲ ਦੀ ਕਾਰ ਸੇਵਾ ਮੁੜ ਤੋਂ ਸ਼ੁਰੂ ਕਰਨ ਲਈ ਬਾਬਾ ਬਚਨ ਸਿੰਘ ਦਾ ਧੰਨਵਾਦ ਕੀਤਾ ਤੇ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਹਸਪਤਾਲ ਵਾਸਤੇ ਵੱਧ ਚੜ ਕੇ ਯੋਗਦਾਨ ਪਾਇਆ ਜਾਵੇ। ਉਹਨਾਂ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ ਦੀ ਯਾਦ ਵਿਚ ਬਣ ਰਹੇ ਜਵੱਧੀ ਪਿੰਡ ਅਠਵਾਲਾ (ਗੁਰਦਾਸਪੁਰ) ਲਈ ਕਮੇਟੀ ਵੱਲੋਂ 5 ਲੱਖ ਰੁਪਏ ਦੀ ਰਾਸ਼ੀ ਦੇਣ ਲਈ ਵੀ ਮੱਤਾ ਪਾਸ ਕੀਤਾ ਗਿਆ। ਮੀਟਿੰਗ ਵਿਚ ਐਗਜ਼ੀਕੁਟਿਵ ਬਾਡੀ ਦੇ ਸਾਰੇ ਮੈਂਬਰ ਮੌਜੁਦ ਰਹੇ।