ਨਵੀਂ ਦਿੱਲੀ, 23 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ੍ਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਖਾਤਿਆਂ ਦੀ ਆਡਿਟਿੰਗ ਵਿਸ਼ਵ ਦੀ ਨਾਮੀ ਕੰਪਨੀ ਨੂੰ ਸੌਂਪਣ ਮਗਰੋਂ ਮਨਜੀਤ ਸਿੰਘ ਜੀ. ਕੇ. ਨੇ ਉਹਨਾਂ ਖਿਲਾਫ ਕਾਰਵਾਈ ਕਰਨ ਲਈ ਲਿਖਤੀ ਪੱਤਰ ਕਮੇਟੀ ਨੂੰ ਭੇਜਿਆ ਸੀ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕਰਦੇ ਹੋਏ ਸ੍ਰੀ ਕਾਲਕਾ ਨੇ ਦੱਸਿਆ ਕਿ ਜਦੋਂ ਆਡਿਟਿੰਗ ਦਾ ਕੰਮ ਕੰਪਨੀ ਨੂੰ ਸੌਂਪਿਆ ਤਾਂ ਕੰਪਨੀ ਨੇ ਕਰੋੜਾਂ ਰੁਪਏ ਦੇ ਹੇਰ ਫੇਰ ਸਬੰਧੀ ਜੀ. ਕੇ. ਨੂੰ ਬੁਲਾਇਆ ਤਾਂ ਇਸਦੇ ਜਵਾਬ ਵਿਚ ਮਨਜੀਤ ਸਿੰਘ ਜੀ ਕੇ. ਨੇ ਕੰਪਨੀ ਨੂੰ ਪੱਤਰ ਲਿਖਿਆ  ਉਹਨਾਂ ਨੂੰ 10 ਕਰੋੜ ਰੁਪਏ ਦੇ ਮੁਆਵਜ਼ਾ ਬੰਧਨ ਯਾਨੀ ਇਨਡੈਮਨਿਟੀ ਬਾਂਡ ਭਰ ਕੇ ਦੇਵੇ ਅਤੇ ਯਕੀਨ ਦੁਆਏ ਕਿ ਘਪਲੇ ਦੇ ਮਾਮਲੇ ਵਿਚ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿਚ ਇਹ ਅਜਿਹਾ ਪਹਿਲਾ ਮਾਮਲਾ ਹੋਵੇਗਾ ਜਿਸ ਵਿਚ ਦੋਸ਼ੀ ਖੁਦ ਉਲਟਾ ਕੰਪਨੀ ਕੋਲੋਂ ਬਾਂਡ ਭਰਨ ਤੇ ਕਾਰਵਾਈ ਨਾ ਕਰਨ ਦੀ ਮੰਗ ਕਰ ਰਿਹਾ ਹੈ।  

ਸ੍ਰੀ ਕਾਲਕਾ ਨੇ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਨੇ ਗੁਰੂ ਦੀ ਉਸ ਗੋਲਕ ਦੀ ਲੁੱਟ ਕੀਤੀ ਕਿ ਜਿਸ ਵਿਚ ਹਰ ਸ਼ਰਧਾਲੂ ਆਪਣੀ ਸ਼ਰਧਾ ਮੁਤਾਬਕ ਗੁਰੂ ਸਾਹਿਬਾਨ ਦੇ ਦੱਸੇ ਅਨੁਸਾਰ ਦਸਵੰਧ ਪਾਉਂਦਾ ਹੈ ਤੇ ਗੁਰੂ ਸਾਹਿਬ ਅੱਗੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀਆਂ ਅਰਦਾਸਾਂ ਕਰਦਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ‘ਤੇ ਪ੍ਰਗਟਾਏ ਵਿਸ਼ਵਾਸ ਰੂਪੀ ਗੋਲਕ ਨੂੰ ਜੀ. ਕੇ. ਨੇ ਦੋਵੇਂ ਹੱਥੀਂ ਲੁੱਟਿਆ ਹੈ। ਉਹਨਾਂ ਕਿਹਾ ਕਿ ਨਾ ਸਿਰਫ ਨਗਦ ਪੈਸੇ ਦੀ ਲੁੱਟ ਹੋਈ ਬਲਕਿ ਕਰੋੜਾਂ ਰੁਪਏ ਦੀ ਜਾਇਦਾਦ ਵੀ ਜੀ. ਕੇ. ਨੇ ਖੁਰਦ ਬੁਰਦ ਕਰ ਦਿੱਤੀ।

ਸ੍ਰੀ ਕਾਲਕਾ ਨੇ ਹੋਰ ਖੁਲਾਸਾ ਕੀਤਾ ਕਿ ਇਕ ਇਕ ਦਿਨ ਵਿਚ 17 ਲੱਖ ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਪੈਸੇ ਦਾ ਹੇਰ ਫੇਰ ਹੋਇਆ ਤੇ ਇਹਨਾਂ ਬਿੱਲਾਂ ‘ਤੇ ਸਿਰਫ ਜੀ. ਕੇ. ਅਤੇ ਉਸਦੇ ਭਰੋਸੇਯੋਗ ਜੀ. ਐਮ. ਦੇ ਹਸਤਾਖਰ ਹੁੰਦੇ ਸਨ। ਉਹਨਾਂ ਕਿਹਾ ਕਿ ਸਫਰ ਏ ਅਕਾਲੀ ਦੇ ਨਾਂ ‘ਤੇ ਸਮਾਗਮ ਕਰਨ ਵਾਲੇ ਜੀ. ਕੇ. ਨੇ ਪ੍ਰ੍ਰੋਗਰਾਮ ਨੂੰ ਸਫਰ ਏ ਕਾਂਗਰਸ ਸਾਬਤ ਕਰ ਦਿੱਤਾ ਜਦੋਂ ਉਸਨੇ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਸਲਾਹਕਾਰ ਪਰਮਜੀਤ ਸਿੰਘ ਸਰਨਾ, ਕੱਟੜ ਕਾਂਗਰਸੀ ਰਹੇ ਬੀਰਦਵਿੰਦਰ ਸਿੰਘ ਤੇ ਹੋਰ ਆਗੂਆਂ ਨੂੰ ਸੰਬੋਧਨ ਕਰਨ ਵਾਸਤੇ ਬੁਲਾਇਆ ਜਿਹਨਾਂ ਦਾ  ਅਕਾਲੀ ਦਲ ਨਾਲ ਦੂਰ ਦੁਰਾਡੇ ਦਾ ਵੀ ਵਾਸਤੇ ਨਹੀਂ ਹੈ।

ਸ੍ਰੀ ਕਾਲਕਾ ਨੇ ਕਿਹਾ ਕਿ  ਮਨਜੀਤ ਸਿੰਘ ਜੀ. ਕੇ. ਨੇ ਦੂਸ਼ਣਬਾਜ਼ੀ ਕਰ ਕੇ ਪਵਿੱਤਰ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਜੀ. ਕੇ. ਨੂੰ ਸ਼ਾਇਦ ਇਹ ਭੁੱਲ ਗਿਆ ਕਿ 2013 ਤੱਕ ਉਸ ਵੱਲੋਂ ਅਨੇਕਾਂ ਯਤਨ ਕਰਨ ਦੇ ਬਾਵਜੂਦ ਵੀ ਉਸਨੂੰ ਸਫਲਤਾ ਨਹੀਂ ਮਿਲੀ ਸੀ। ਜਦੋਂ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਉਸਦੇ ਸਿਰ ‘ਤੇ ਹੱਥ ਰੱਖਿਆ ਉਦੋਂ ਹੀ ਕਾਮਯਾਬੀ ਉਸਨੂੰ ਮਿਲੀ ਤੇ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਉਦੋਂ ਬਣਿਆ ਜਦੋਂ ਅਕਾਲੀ ਦਲ ਵਿਚ ਹੁੰਦਿਆਂ ਬਾਦਲ ਸਾਹਿਬ ਨੇ ਉਸਨੂੰ ਪ੍ਰਧਾਨ ਬਣਾਇਆ। ਉਹਨਾਂ ਕਿਹਾ ਕਿ ਅਹਿਸਾਨ ਫਰਾਮੋਸ਼ ਵਿਅਕਤੀ ਨੇ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਦੂਸ਼ਣਬਾਜ਼ੀ ਕਰ ਰਿਹਾ ਹੈ।

ਸ੍ਰੀ ਕਾਲਕਾ ਨੇ ਮੀਡੀਆ ਦੇ ਸਾਥੀਆਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਜੀ. ਕੇ. ਦੀ ਪ੍ਰੈਸ ਕਾਨਫਰੰਸ ਵਿਚ ਜਾਣ ਤਾਂ ਉਸਨੂੰ ਪੁੱਛਣ ਕਿ ਸੰਗਤ ਜਵਾਬ ਮੰਗਦੀ ਹੈ ਕਿ ਉਸਨੇ ਗੋਲਕ ਚੋਰੀ ਕਿਉਂ ਕੀਤੀ, ਗੁਰੂ ਘਰ ਦੀ ਜਾਇਦਾਦ ਖੁਰਦ ਬੁਰਦ ਕਿਉਂ ਕੀਤੀ। 7 ਸਾਲ ਜੋ ਸੇਵਾ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਮਿਲੀ, ਉਸ ਸੇਵਾ ਨੂੰ ਮਿੱਟੀ ਵਿਚ ਮਿਲਾਉਣ ਦਾ ਕੰਮ ਕਿਉਂ ਕੀਤਾ ?

ਪ੍ਰੈਸ ਕਾਂਨਫ਼ਰੰਸ ਦੌਰਾਨ ਸ. ਹਰਮੀਤ ਸਿੰਘ ਕਾਲਕਾ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਸਮੇਤ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਡੋਕ, ਵਿਕ੍ਰਮ ਸਿੰਘ ਰੋਹਿਣੀ, ਕੁਲਦੀਪ ਸਿੰਘ ਸਾਹਨੀ, ਆਤਮਾ ਸਿੰਘ ਲੁਬਾਣਾ, ਜਗਦੀਪ ਸਿੰਘ ਕਾਹਲੋਂ, ਹਰਵਿੰਦਰ ਸਿੰਘ ਕੇ.ਪੀ, ਹਰਜੀਤ ਸਿੰਘ ਪੱਪਾ,  ਸਰਬਜੀਤ ਸਿੰਘ ਵਿਰਕ , ਓਂਕਾਰ ਸਿੰਘ ਰਾਜਾ, ਮਨਮੋਹਨ ਸਿੰਘ, ਅਮਰਜੀਤ ਸਿੰਘ ਪੱਪੂ, ਤ੍ਰਲੋਚਨ ਸਿੰਘ ਮਣਕੂ ਵੀ ਮੌਜੁਦ ਰਹੇ।