ਮਜੀਠਾ, 23 ਮਾਰਚ
ਕਸਬਾ ਮਜੀਠਾ ਵਿਖੇ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਛੇ ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ ਸਾਬਕਾ ਸਰਪੰਚ ਦੇ ਪੁੱਤ ਤੇ ਹੋਮ ਗਾਰਡ ਜਵਾਨ ਦਾ ਕਤਲ ਕਰ ਦਿੱਤਾ। ਪਿੰਡ ਵਡਾਲਾ ਦੇ ਸਾਬਕਾ ਸਰਪੰਚ ਕੁੰਦਨ ਸਿੰਘ ਵਡਾਲਾ ਦੀ ਮਜੀਠਾ ਵਿਖੇ ਕੱਥੂਨੰਗਲ ਰੋਡ ’ਤੇ ਝਟਕੀ ਦੀ ਦੁਕਾਨ ਹੈ। ਉਸ ਦੇ ਦੋ ਲੜਕੇ ਹਨ। ਇੱਕ ਕਸ਼ਮੀਰ ਸਿੰਘ ਖੇਤੀ ਕਰਦਾ ਹੈ ਤੇ ਦੂਜਾ ਕਰਮਜੀਤ ਸਿੰਘ ਹੋਮਗਾਰਡ ਵਿੱਚ ਹੈ। ਕਰਮਜੀਤ ਸਿੰਘ ਮਜੀਠਾ ਸਥਿਤ ਦੁਕਾਨ ’ਤੇ ਮੌਜੂਦ ਸੀ ਤੇ 6 ਦੇ ਕਰੀਬ ਹਮਲਾਵਰਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਕਰਮਜੀਤ ਸਿੰਘ ਲਾਡੀ ਨੂੰ
ਜ਼ਖਮੀ ਹਾਲਤ ‘ਚ ਅੰਮ੍ਰਿਤਸਰ ਦੇ ਐਸਕਾਰਟ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮਜੀਠਾ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ।