ਮੁੰਬਈ, 25 ਜਨਵਰੀ

ਬੌਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਾਣੀ ਮੁਖਰਜੀ ਨੇ ਕੌਮੀ ਬਾਲੜੀ ਦਿਵਸ ਮੌਕੇ ਸਮਾਜ ਵਿੱਚ ਔਰਤਾਂ ਲਈ ਹੋਏ ਬਦਲਾਅ ’ਚ ਸਿਨੇਮਾ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ। ਰਾਣੀ ਮੁਖਰਜੀ ਨੂੰ ਬੌਲੀਵੁੱਡ ਵਿੱਚ ਲਗਪਗ 24 ਸਾਲ ਹੋ ਗਏ ਹਨ। ਅਦਾਕਾਰਾ ਨੇ ਖੁਦ ਨੂੰ ਖੁਸ਼ਕਿਸਮਤ ਸਮਝਿਆ ਹੈ ਕਿ ਉਸ ਨੂੰ ਕਾਫ਼ੀ ਫਿਲਮਾਂ ਵਿੱਚ ਮਜ਼ਬੂਤ ਔਰਤ ਦੇ ਕਿਰਦਾਰ ਨਿਭਾਉਣ ਦੇ ਮੌਕੇ ਮਿਲੇ ਹਨ। ਉਨ੍ਹਾਂ ਕਿਹਾ ਕਿ ਸਿਨੇਮਾ ਨੇ ਲੜਕੀਆਂ ਨੂੰ ਚੰਗੀ ਤਰ੍ਹਾਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲੜਕੀਆਂ ਉਹ ਹਰ ਕੰਮ ਕਰ ਸਕਦੀਆਂ ਹਨ, ਜਿਨ੍ਹਾਂ ਬਾਰੇ ਸਮਾਜ ਦਾ ਮੰਨਣਾ ਹੈ ਕਿ ਉਹ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਸਿਨੇਮਾ ਵਿੱਚ ਸਮਾਜਿਕ ਬਦਲਾਅ ਲਿਆਉਣ ਦੀ ਤਾਕਤ ਹੈ ਅਤੇ ਅਦਾਕਾਰ ਲੋਕਾਂ ਨਾਲ ਸੰਵਾਦ ਤੇ ਫਿਲਮ ਦੀ ਸਹੀ ਚੋਣ ਕਰਕੇ ਸਕਾਰਾਤਮਕ ਵਿਚਾਰਾਂ ਨਾਲ ਤਬਦੀਲੀ ਲਿਆਉਣ ਦੀ ਤਾਕਤ ਰੱਖਦਾ ਹੈ। ਇਸ ਦੌਰਾਨ ਰਾਣੀ ਮੁਖਰਜੀ ਨੇ ਕਿਹਾ ਕਿ ਇਕ ਕਲਾਕਾਰ ਹੋਣ ਦੇ ਨਾਤੇ ਉਹ ਕਿਸਮਤ ਵਾਲੀ ਹੈ ਕਿ ਉਸ ਨੂੰ ਮਜ਼ਬੂਤ ਔਰਤ ਦੇ ਕਿਰਦਾਰ ਨਿਭਾਉਣ ਵਾਲੇ ਕਈ ਮੌਕੇ ਮਿਲੇ ਹਨ। ਅਦਾਕਾਰਾ ਨੇ ਦੱਸਿਆ ਕਿ ਉਸ ਦੇ ਦਿਮਾਗ ਵਿੱਚ ਰੋਲ ਤੇ ਫਿਲਮਾਂ ਦੀ ਚੋਣ ਲਈ ਇਕ ਵੱਖਰੀ ਯੋਜਨਾ ਹੁੰਦੀ ਹੈ।