ਲਹਿਰਾਗਾਗਾ, 14 ਦਸੰਬਰ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਗੲੇ ਕਿਸਾਨ ਯੋਧਿਆਂ ਦੇ ਸਮਰਥਨ ’ਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਕਿਸਾਨਾਂ ਦੇ ਖੇਤਾਂ ਅਤੇ ਘਰਾਂ ਵਿੱਚ ਮੁਫ਼ਤ ਕੰਮ ਕਰਨ ਦਾ ਐਲਾਨ ਕਰਕੇ ਕਿਸਾਨੀ ਸੰਘਰਸ਼ ਨੂੰ ਹੋਰ ਹੁਲਾਰਾ ਦਿੱਤਾ ਹੈ। ਨੇੜਲੇ ਪਿੰਡ ਗਾਗਾ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਤੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ

ਕਿਹਾ ਕਿ ਜੇਕਰ ਕਿਸਾਨ ਹੀ ਨਹੀਂ ਰਹਿਣਗੇ ਤਾਂ ਖੇਤ ਮਜ਼ਦੂਰ ਕਿਧਰ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਰਤ ਕਾਨੂੰਨਾਂ ’ਚ ਮਜ਼ਦੂਰ ਵਿਰੋਧੀ ਸੋਧਾਂ ਰਾਹੀਂ ਜਿਥੇ ਕੰਪਨੀਆਂ ਨੂੰ ਸਸਤੀ ਲੇਬਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਉੱਥੇ ਮੋਦੀ ਸਰਕਾਰ ਖੇਤੀ ਕਾਨੂੰਨਾਂ ਰਾਹੀਂ ਗਰੀਬਾਂ ਦੀ ਰੋਜ਼ੀ ਰੋਟੀ ਖੋਹਣਾ ਚਾਹੁੰਦੀ ਹੈ। ਇਸ ਲਈ ਹੰਕਾਰੀ ਮੋਦੀ ਦਾ ਘਮੰਡ ਤੋੜਨ ਲਈ ਮਜ਼ਦੂਰ ਕਿਸਾਨਾਂ ਸਮੇਤ ਪੰਜਾਬੀਆਂ ਦਾ ਇੱਕ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪੈਦਾ ਕੀਤੇ ਅਨਾਜ ਨੂੰ ਖਰੀਦਣ ਤੋਂ ਜੇ ਸਰਕਾਰ ਮੁਨਕਰ ਹੁੰਦੀ ਹੈ ਤਾਂ ਅਨਾਜ ਸੁਰੱਖਿਆ ਕਾਨੂੰਨ ਤਹਿਤ ਬੇਜ਼ਮੀਨੇ ਗਰੀਬਾਂ ਨੂੰ 2 ਰੁਪਏ ਕਿਲੋ ਮਿਲਦੀ ਸਸਤੀ ਕਣਕ ਵੀ ਬੰਦ ਹੋਵੇਗੀ। ਉਨ੍ਹਾਂ ਕਿਹਾ ਕਿ ਗਰੀਬ ਔਰਤਾਂ ਸਿਰ ਚੜ੍ਹੇ ਕਰਜ਼ੇ ਦੀ ਮੁਆਫ਼ੀ ਸਮੇਤ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਪਿੰਡ-ਪਿੰਡ ‘ਰੋਜ਼ੀ ਰੋਟੀ ਜ਼ਮੀਨ ਬਚਾਉ ਮਹਿੰਗਾਈ ਨੂੰ ਨੱਥ ਪਾਉ ਨਾਹਰੇ ਤਹਿਤ ਰਾਜ ਅੰਦਰ ਚੇਤਨਾ

ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਘਮੰਡ ਸਿੰਘ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਬਿੱਟੂ ਖੋਖਰ, ਰੋਹੀ ਸਿੰਘ ਗੋਬਿੰਦਗੜ੍ਹ, ਜਸਵੀਰ ਸਿੰਘ ਬਖੂਪੁਰ, ਅਮਰ ਸਿੰਘ ਰੇਤਗੜ,ਸੁਦਾਗਰ ਸਿੰਘ ਸ਼ੇਰਪੁਰ ਆਦਿ ਨੇ ਸੰਬੋਧਨ ਕੀਤਾ।