ਓਟਾਵਾ— ਰੂਸ ਨੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਬਣਾਉਣ ਦੇ ਕੈਨੇਡਾ ਦੇ ਫੈਸਲੇ ਨੂੰ ‘ਅਸਵਿਕਾਰਯੋਗ’ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਉਲਟ ਦੱਸਦੇ ਹੋਏ ਇਸ ਕਦਮ ਦੀ ਸਖਤ ਨਿੰਦਾ ਕੀਤੀ ਤੇ ਚਿਤਾਵਨੀ ਦਿੱਤੀ ਕਿ ਇਸ ਨਾਲ ਵਿਦੇਸ਼ਾਂ ‘ਚ ਤਸਕਰੀ ਵਧੇਗੀ।
ਓਟਾਵਾ ‘ਚ ਰੂਸੀ ਦੂਤਘਰ ਨੇ ਸੋਮਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਸਾਨੂੰ ਇਸ ਦਾ ਪੂਰਾ ਸ਼ੱਕ ਹੈ ਕਿ ਇਹ ਲੀਗਲਾਈਜ਼ੇਸ਼ਨ ਨਸ਼ੀਲੇ ਪਦਾਰਥਾਂ ‘ਤੇ ਕੰਟਰੋਲ ਨੂੰ ਲੈ ਕੇ ਬਣੇ ਅੰਤਰਰਾਸ਼ਟਰੀ ਕਾਨੂੰਨ ਦੇ ਖਿਲਾਫ ਸਾਬਿਤ ਹੋਵੇਗਾ। ਰੂਸ ਮੁਤਾਬਕ ਨਸ਼ੀਲੇ ਪਦਾਰਥਾਂ ‘ਤੇ ਕੰਟਰੋਲ ਵਿਵਸਥਾ ਨੂੰ ਜਾਣਬੁੱਝ ਕੇ ਨਸ਼ਟ ਕਰਕੇ, ਕੈਨੇਡਾ ਸਰਕਾਰ ਦੁਨੀਆ ਦਾ ਸਭ ਤੋਂ ਵੱਡਾ ਨਸ਼ੀਲਾ ਪਦਾਰਥ ਹਾਜ਼ਾਰ ਬਣਾ ਰਿਹਾ ਹੈ। ਕੈਨੇਡਾ ਚਾਹੇ ਜਿੰਨਾਂ ਵੀ ਦਾਅਵਾ ਕਰੇ ਕਿ ਰਾਸ਼ਟਰੀ ਸਰਹੱਦਾਂ ਤੋਂ ਬਾਹਰ ਭੰਗ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ ਪਰ ਇਸ ਨਾਲ ਨਿਸ਼ਚਿਤ ਰੂਪ ਨਾਲ ਹੋਰਾਂ ਦੇਸ਼ਾਂ ‘ਚ ਇਸ ਦੀ ਤਸਕਰੀ ‘ਚ ਕਾਫੀ ਵਾਧਾ ਹੋਵੇਗਾ।
ਰੂਸੀ ਦੂਤਘਰ ਨੇ ਬਿਆਨ ‘ਚ ਕਿਹਾ ਕਿ ਰੂਸ, ਕੈਨੇਡਾ ਤੇ ਹੋਰਾਂ ਦੇਸ਼ਾਂ ਨੂੰ ਭੰਗ ਤੇ ਉਸ ਨਾਲ ਬਣੀਆਂ ਚੀਜ਼ਾਂ ਦੀ ਤਸਕਰੀ ਦੀਆਂ ਸੰਭਾਵਿਤ ਕੋਸ਼ਿਸ਼ਾਂ ਨੂੰ ਰੋਕਣ ਲਈ ਸ਼ਾਇਦ ਹੋਰ ਉਪਾਅ ਕਰਨੇ ਪੈਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ 17 ਅਕਤੂਬਰ ਨੂੰ ਭੰਗ ਦੀ ਵਰਤੋਂ ਨੂੰ ਕਾਨੂੰਨੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ 2015 ‘ਚ ਆਪਣੇ ਚੋਣ ਪ੍ਰਚਾਰ ‘ਚ ਭੰਗ ਦੀ ਵਰਤੋਂ ਨੂੰ ਕਾਨੂੰਨੀ ਬਣਾਉਣ ਦਾ ਵਾਅਦਾ ਕੀਤਾ ਸੀ।