ਓਟਵਾ, 20 ਅਕਤੂਬਰ : ਵਿਰੋਧੀ ਧਿਰਾਂ ਵੱਲੋਂ ਵੁਈ ਚੈਰਿਟੀ ਵਿਵਾਦ ਨੂੰ ਮੁੜ ਸੁਰਜੀਤ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਨੂੰ ਦਬਾਉਣ ਲਈ ਫੈਡਰਲ ਸਰਕਾਰ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ| ਫੈਡਰਲ ਸਰਕਾਰ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਕੰਜ਼ਰਵੇਟਿਵਾਂ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਕਾਇਮ ਕਰਨ ਦੀ ਕੀਤੀ ਜਾ ਰਹੀ ਮੰਗ ਨਾਲ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਸਰਕਾਰ ਵਿੱਚ ਹਾਊਸ ਆਫ ਕਾਮਨਜ਼ ਨੂੰ ਅਜੇ ਵੀ ਭਰੋਸਾ ਹੈ?
ਸਰਕਾਰ ਵੱਲੋਂ ਅਜੇ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹ ਇਸ ਪ੍ਰਸਤਾਵ ਦਾ ਮੁਲਾਂਕਣ ਕਰ ਰਹੀ ਹੈ ਜਾਂ ਨਹੀਂ| ਪਰ ਸਰਕਾਰ ਦੇ ਹਾਊਸ ਲੀਡਰ ਪਾਬਲੋ ਰੌਡਰਿਗਜ਼ ਵੱਲੋਂ ਆਪਣੇ ਹਮਰੁਤਬਾ ਵਿਰੋਧੀ ਆਗੂਆਂ ਨੂੰ ਲਿਖੇ ਪੱਤਰ ਵਿੱਚ ਆਖਿਆ ਗਿਆ ਕਿ ਜੇ ਐਮਪੀਜ਼ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਦੇ ਹੱਕ ਵਿੱਚ ਹਨ ਤਾਂ ਇਸ ਨਾਲ ਇਹੋ ਪ੍ਰਭਾਵ ਜਾਵੇਗਾ ਕਿ ਘੱਟ ਗਿਣਤੀ ਲਿਬਰਲ ਸਰਕਾਰ ਵਿੱਚ ਹੁਣ ਭਰੋਸਾ ਨਹੀਂ ਰਿਹਾ|
ਉਨ੍ਹਾਂ ਇਹ ਵੀ ਲਿਖਿਆ ਕਿ ਕੰਜ਼ਰਵੇਟਿਵਾਂ ਦਾ ਅਜਿਹਾ ਪ੍ਰਸਤਾਵ ਸਿਆਸੀ ਵੰਡੀਆਂ ਪਾਉਣ ਵਾਲਾ ਹੈ| ਇਹ ਸਰਕਾਰ ਨੂੰ ਡੇਗਣ ਲਈ ਹੀ ਤਿਆਰ ਕੀਤਾ ਗਿਆ ਹੈ| ਜੇ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਇਹ ਸਵਾਲ ਖੜ੍ਹਾ ਹੋ ਜਾਵੇਗਾ ਕਿ ਕੀ ਅਜੇ ਵੀ ਸਰਕਾਰ ਵਿੱਚ ਹਾਊਸ ਆਫ ਕਾਮਨਜ਼ ਨੂੰ ਭਰੋਸਾ ਹੈ| ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੌਡਰਿੱਗਜ਼ ਨੇ ਆਖਿਆ ਕਿ ਇਹ ਮਤਾ ਇਸ ਗੱਲ ਦਾ ਸੰਕੇਤ ਹੈ ਕਿ ਕੰਜ਼ਰਵੇਟਿਵਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਕੰਮ ਵਿੱਚ ਯਕੀਨ ਨਹੀਂ ਹੈ| ਇਸ ਤਰ੍ਹਾਂ ਦੇ ਪ੍ਰਸਤਾਵ ਲਿਆਉਣ ਨਾਲ ਕੋਵਿਡ-19 ਵਰਗੀ ਮਹਾਂਮਾਰੀ ਤੋਂ ਧਿਆਨ ਭਟਕ ਜਾਵੇਗਾ ਤੇ ਅਸੀਂ ਮਹਾਂਮਾਰੀ ਖਿਲਾਫ ਜੰਗ ਵਿੱਚ ਪਛੜ ਜਾਵਾਂਗੇ|
ਰੌਡਰਿੱਗਜ਼ ਨੇ ਆਸ ਪ੍ਰਗਟਾਈ ਕਿ ਬਲਾਕ ਕਿਊਬਿਕੁਆ ਤੇ ਐਨਡੀਪੀ ਨਾਲ ਚੱਲ ਰਹੀ ਗੱਲਬਾਤ ਵਿੱਚ ਸਾਂਝਾ ਆਧਾਰ ਲੱਭ ਲਿਆ ਜਾਵੇਗਾ| ਇਸ ਦੌਰਾਨ ਕੰਜ਼ਰਵੇਟਿਵ ਹਾਊਸ ਲੀਡਰ ਗੇਰਾਰਡ ਡੈਲਟੈਲ ਨੇ ਆਖਿਆ ਕਿ ਲਿਬਰਲਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਪਣਾ ਆਧਾਰ ਗੁਆ ਚੁੱਕੇ ਹਨ ਤੇ ਹਾਊਸ ਆਫ ਕਾਮਨਜ਼ ਵਿੱਚ ਉਨ੍ਹਾਂ ਨੂੰ ਬਹੁਮਤ ਹਾਸਲ ਨਹੀਂ ਹੋਣ ਵਾਲਾ| ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਵੁਈ ਚੈਰਿਟੀ ਮਾਮਲੇ ਵਿੱਚ ਸਰਕਾਰ ਤੇ ਚੈਰਿਟੀ, ਵਿਰੋਧੀ ਧਿਰ ਨੂੰ ਸ਼ਾਂਤ ਕਰਨ ਲਈ ਹੋਰ ਦਸਤਾਵੇਜ਼ ਜਾਰੀ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ|